ਮਿਹਰ ਸਿੰਘ
ਕੁਰਾਲੀ, 2 ਅਗਸਤ
ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਨਿਕਾਸੀ ਪ੍ਰਬੰਧ ਠੀਕ ਨਾ ਹੋਣ ਕਾਰਨ ਹਸਪਾਤਲ ਨੇ ਛੱਪੜ ਦਾ ਰੂਪ ਧਾਰ ਲਿਆ ਹੈ। ਹਸਪਤਾਲ ਦੇ ਗੇਟ ਤੋਂ ਲੈ ਕੇ ਅੰਦਰ ਵਿਹੜੇ ਤੱਕ ਜਮ੍ਹਾਂ ਹੋਇਆ ਬਰਸਾਤੀ ਪਾਣੀ ਲੋਕਾਂ ਲਈ ਭਾਰੀ ਸਮੱਸਿਆ ਦਾ ਕਾਰਨ ਬਣ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਹਸਪਤਾਲ ਦਾ ਨਿਕਾਸੀ ਪ੍ਰਬੰਧ ਠੀਕ ਕਰਨ ਦੀ ਮੰਗ ਕੀਤੀ ਹੈ। ਸ਼ਹਿਰ ਦੇ ਹਸਪਤਾਲ ਦਾ ਨਿਕਾਸੀ ਪ੍ਰਬੰਧ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ ਵਿੱਚ ਹੈ। ਹਸਪਤਾਲ ਨੇੜੇ ਖੜ੍ਹੇ ਪਾਣੀ ਕਾਰਨ ਪਹਿਲਾਂ ਹੀ ਬਿਮਾਰ ਆਉਂਦੇ ਮਰੀਜ਼ਾਂ ਨੂੰ ਹੋਰ ਬਿਮਾਰੀਆਂ ਲੱਗਣ ਦਾ ਖਦਸ਼ਾ ਹੈ।
ਸਿਵਲ ਸਰਜਨ ਮੁਹਾਲੀ ਡਾ. ਮਨਜੀਤ ਸਿੰਘ ਨੇ ਮਾਮਲੇ ਤੋਂ ਅਣਜਾਣ ਹੋਣ ਦਾ ਪ੍ਰਗਟਾਵਾ ਕਰਦਿਆਂ ਇਸ ਸਬੰਧੀ ਨਗਰ ਕੌਂਸਲ ਤੇ ਸਬੰਧਿਤ ਵਿਭਾਗ ਦੇ ਧਿਆਨ ਵਿਚ ਲਿਆ ਕੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ। ਐੱਸਡੀਐੱਮ ਖਰੜ ਹਿਮਾਂਸ਼ੂ ਜੈਨ ਨੇ ਇਸ ਸਮੱਸਿਆ ਦੇ ਤੁਰੰਤ ਹੱਲ ਲਈ ਨਗਰ ਕੌਂਸਲ ਨੂੰ ਹਦਾਇਤ ਕਰਨ ਦਾ ਭਰੋਸਾ ਦਿੱਤਾ।
ਦੁਕਾਨਾਂ ’ਚ ਪਾਣੀ ਵੜਨ ਕਾਰਨ ਲੋਕ ਪ੍ਰੇਸ਼ਾਨ
ਖਰੜ (ਪੱਤਰ ਪ੍ਰੇਰਕ): ਅੱਜ ਪਏ ਮੀਂਹ ਕਾਰਨ ਲਾਂਡਰਾ ਰੋਡ ਅਤੇ ਆਰਿਆ ਕਾਲਜ ਰੋਡ ’ਤੇ ਸਥਿਤ ਦੁਕਾਨਾਂ ਅਤੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਹੈ। ਉਥੋਂ ਦੇ ਬਹੁਤ ਸਾਰੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਜਮ੍ਹਾਂ ਹੋਏ ਪਾਣੀ ਦਾ ਮੁੱਖ ਕਾਰਨ ਇਹ ਹੈ ਕਿ ਇੱਥੋਂ ਪਾਣੀ ਅੰਡਰ ਗਰਾਊਂਡ ਪਾਈਪਾਂ ਨਾਲ ਐੱਫਸੀਆਈ ਦੇ ਗੁਦਾਮਾਂ ਦੇ ਨਾਲ ਹੁੰਦਾ ਹੋਇਆ ਅੱਗੇ ਨਿਕਲਦਾ ਹੈ। ਇਨ੍ਹਾਂ ਪਾਈਪਾਂ ਦਾ ਆਕਾਰ ਬਹੁਤ ਛੋਟਾ ਹੈ ਅਤੇ ਬਰਸਾਤੀ ਪਾਣੀ ਨੂੰ ਨਹੀਂ ਸੰਭਾਲਦਾ। ਇਹ ਪਾਣੀ ਵਾਪਸ ਹੋ ਕੇ ਦੁਕਾਨਾਂ ਅਤੇ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ। ਉਥੋਂ ਦੇ ਇੱਕ ਵਪਾਰੀ ਰਜਿੰਦਰ ਅਗਰਵਾਲ ਸਮੇਤ ਹੋਰ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਇਸ ਦਾ ਪੱਕਾ ਹੱਲ ਕੀਤਾ ਜਾਵੇ।
ਸਾਬਕਾ ਕੌਂਸਲਰਾਂ ਵੱਲੋਂ ਨਗਰ ਕੌਂਸਲ ’ਤੇ ਮਾੜੀ ਕਾਰਗੁਜ਼ਾਰੀ ਦਾ ਦੋਸ਼
ਮੋਰਿੰਡਾ (ਪੱਤਰ ਪ੍ਰੇਰਕ): ਸ਼ਹਿਰ ਵਿੱਚ ਲਗਪਗ ਇੱਕ ਘੰਟਾ ਪਏ ਮੀਂਹ ਕਾਰਨ ਗਲੀਆਂ ਅਤੇ ਨਾਲੀਆਂ ਵਿੱਚ ਪਾਣੀ ਖੜ੍ਹ ਗਿਆ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਸਾਬਕਾ ਕੌਂਸਲਰ ਮੰਗਲ ਸੈਨ, ਸਾਬਕਾ ਕੌਂਸਲਰ ਮਨਜੀਤ ਕੰਗ, ਸਾਬਕਾ ਕੌਂਸਲਰ ਅੰਮ੍ਰਿਤਪਾਲ ਖੱਟੜਾ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਦੀ ਕਾਰਗੁਜ਼ਾਰੀ ਕਾਫੀ ਮਾੜੀ ਹੋਣ ਕਾਰਨ ਸ਼ਹਿਰ ਨੂੰ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਗਰਲੇ ਕਈ ਦਿਨਾਂ ਤੋਂ ਨਗਰ ਕੌਂਸਲ ਵਾਲੇ ਚੰਗੀਆਂ ਭਲੀਆਂ ਗਲੀਆਂ ਪੁੱਟ ਕੇ ਉੱਥੇ ਨਵੀਆਂ ਟਾਈਲਾਂ ਲਗਾ ਰਹੇ ਹਨ। ਇਸ ਸਬੰਧੀ ਐੱਸਡੀਓ ਨਗਰ ਕੌਂਸਲ ਮੋਰਿੰਡਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਥੋੜਾ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਨਗਰ ਕੌਂਸਲ ਮੋਰਿੰਡਾ ਵਿੱਚ ਚਾਰਜ ਲਿਆ ਹੈ। ਉਨ੍ਹਾਂ ਕਿਹਾ ਸਾਰੇ ਲੈਵਲ ਚੈੱਕ ਕਰਕੇ ਹੀ ਕੰਮ ਕਰਵਾਇਆ ਜਾ ਰਿਹਾ ਹੈ।