ਪੱਤਰ ਪ੍ਰੇਰਕ
ਚੰਡੀਗੜ੍ਹ, 1 ਮਈ
ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਅੱਜ ਸ਼ਹਿਰ ਵਿੱਚ ਕਈ ਥਾਈਂ ਵੱਖ-ਵੱਖ ਮੁਲਾਜ਼ਮ, ਮਜ਼ਦੂਰ ਤੇ ਵਿਦਿਆਰਥੀ ਜਥੇਬੰਦੀਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਡ ਐੱਮਸੀ ਐਂਪਲਾਈਜ਼ ਐਂਡ ਵਰਕਰਜ਼ ਯੂਟੀ ਚੰਡੀਗੜ੍ਹ ਨੇ ਅੱਜ ਜੀਐੱਮਐੱਸਐੱਚ ਸੈਕਟਰ-16 ਵਿੱਚ ਰੈਲੀ ਕਰਕੇ ਮਜ਼ਦੂਰ ਵਿਰੋਧੀ ਸਿਸਟਮ ਦਾ ਖੁੱਲ੍ਹ ਕੇ ਵਿਰੋਧ ਕੀਤਾ। ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ ਅਤੇ ਚੇਅਰਮੈਨ ਅਨਿਲ ਕੁਮਾਰ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਮਜ਼ਦੂਰਾਂ ਨਾਲ ਹਮੇਸ਼ਾ ਹੀ ਧੱਕਾ ਕੀਤਾ ਹੈ। ਆਗੂਆਂ ਨੇ ਮੰਗ ਕੀਤੀ ਕਿ ਲੇਬਰ ਕਾਨੂੰਨਾਂ ਵਿੱਚ ਮਜ਼ਦੂਰਾਂ ਵਿਰੁੱਧ ਬਦਲਾਅ ਵਾਪਸ ਲਏ ਜਾਣ ਅਤੇ ਤਨਖ਼ਾਹ ਵਿੱਚ ਵਿਤਕਰਾ ਬੰਦ ਕੀਤਾ ਜਾਵੇ।
ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਕਾਮਰੇਡ ਇੰਦਰਜੀਤ ਸਿੰਘ ਗਰੇਵਾਲ, ਸੱਜਣ ਸਿੰਘ ਚੇਅਰਮੈਨ, ਸੁਖਵਿੰਦਰ ਸਿੰਘ ਬਾਸੀਆਂ ਨੇ ਦੱਸਿਆ ਕਿ ਯੂਨੀਅਨ ਦੇ ਬੈਨਰ ਹੇਠ ਦੋਧੀਆਂ ਨੇ ਸੈਕਟਰ 44 ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ। ਏਟਕ ਚੰਡੀਗੜ੍ਹ ਅਤੇ ਸੀਟੀਯੂ ਵਰਕਰਜ਼ ਯੂਨੀਅਨ ਵੱਲੋਂ ਕਿਰਤੀਆਂ ਦਾ ਕੌਮਾਂਤਰੀ ਦਿਵਸ ਸੀਟੀਯੂ ਦੀ ਵਰਕਸ਼ਾਪ-2 ਵਿਖੇ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਰਾਜ ਕੁਮਾਰ ਪ੍ਰਧਾਨ ਏਟਕ, ਧਰਮਿੰਦਰ ਸਿੰਘ ਰਾਹੀ ਪ੍ਰਧਾਨ ਸੀ.ਟੀ.ਯੂ. ਵਰਕਰਜ਼ ਯੂਨੀਅਨ, ਕਾਮਰੇਡ ਦੇਵੀ ਦਿਆਲ ਸ਼ਰਮਾ, ਦਰਬਾਰਾ ਸਿੰਘ ਅਤੇ ਦਵਿੰਦਰ ਸਿੰਘ ਨੇ ਅਦਾ ਕੀਤੀ।
ਪਿੰਡ ਹੱਲੋਮਾਜਰਾ ਵਿੱਚ ‘ਮਈ ਦਿਵਸ ਸਮਾਰੋਹ ਸਮਿਤੀ’ ਦੇ ਪ੍ਰਬੰਧਕ ਯੋਗੇਸ਼, ਨਮਿਤਾ ਤੇ ਮਾਨਵ ਨੇ ਕਿਹਾ ਕਿ ਅੱਜ ਮਜ਼ਦੂਰਾਂ, ਕਿਰਤੀਆਂ ਨੂੰ ਜਥੇਬੰਦ ਹੋਣ ਦੀ ਲੋੜ ਹੈ। ਅੱਜ ਦੇ ਪ੍ਰੋਗਰਾਮ ਵਿੱਚ ਇਨਕਲਾਬੀ ਗੀਤ, ਨੁੱਕੜ ਨਾਟਕ ‘ਮਸ਼ੀਨ’ ਵੀ ਪੇਸ਼ ਕੀਤਾ ਗਿਆ।
ਲਾਲੜੂ (ਪੱਤਰ ਪ੍ਰੇਰਕ): ਪਾਵਰਕੌਮ ਦੀ ਮੁਲਾਜ਼ਮ ਜਥੇਬੰਦੀ ਟੈਕਨੀਕਲ ਸਰਵੀਸਿਜ਼ ਯੂਨੀਅਨ ਨੇ ਅੱਜ ਮੰਡਲ ਲਾਲੜੂ ਅਤੇ ਜ਼ੀਰਕਪੁਰ ਅਧੀਨ ਆਉਂਦੀਆਂ ਸਬ-ਡਵੀਜ਼ਨਾਂ ਅਤੇ 66ਕੇਵੀ ਤੇ 220ਕੇਵੀ ਸਬ ਸਟੇਸ਼ਨਾਂ ’ਤੇ ਝੰਡੇ ਚੜ੍ਹਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ।
ਮੋਰਿੰਡਾ (ਪੱਤਰ ਪ੍ਰੇਰਕ): ਟੈਕਨੀਕਲ ਐਂਡ ਮਕੈਨੀਕਲ ਐਂਪਲਾਈਜ਼ ਯੂਨੀਅਨ( ਡੈਮੋਕਰੇਟਿਕ) ਪੰਜਾਬ, ਡੈਮੋਕ੍ਰੈਟਿਕ ਮੁਲਾਜ਼ਮ ਫੈੱਡਰੇਸ਼ਨ, ਸੀਐੱਮਸੀ ਪਬਲਿਕ ਹੈਲਥ ਅਤੇ ਪੈਨਸ਼ਨਰ ਆਗੂਆਂ ਵੱਲੋਂ ਸਾਂਝੇ ਤੌਰ ’ਤੇ ਕਜੌਲੀ ਵਾਟਰ ਵਰਕਸ ਵਿਖੇ ਕੌਮਾਂਤਰੀ ਮਜ਼ਦੂਰ ਦਿਹਾੜਾ ਮਨਾਇਆ। ਸਮਾਗਮ ਵਿਚ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋਂ, ਸੁਖਰਾਮ ਕਾਲੇਵਾਲ ,ਦਲਵੀਰ ਸਿੰਘ ਕਜੌਲੀ, ਬਲਵਿੰਦਰ ਸਿੰਘ ਡੂਮਛੇੜੀ, ਬਲਜਿੰਦਰ ਸਿੰਘ ਕਜੌਲੀ ਨੇ ਸੰਬੋਧਨ ਕੀਤਾ।
ਐਸ.ਏ.ਐਸ. ਨਗਰ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਮਜ਼ਦੂਰ ਦਿਵਸ ਮੌਕੇ ਸਵੇਰਾ ਸੁਸਾਇਟੀ ਵੱਲੋਂ ਅੰਬ ਸਾਹਿਬ ਕਲੋਨੀ ਵਿੱਚ ਲਗਾਏ ਗਏ ਮੁਫ਼ਤ ਮੈਡੀਕਲ ਅਤੇ ਕੈਂਸਰ ਜਾਂਚ ਕੈਂਪ ਦਾ ਨਿਰੀਖਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਖ਼ਤ ਮਿਹਨਤ, ਖੂਨ ਪਸੀਨਾ ਵਹਾਉਣ ਦੇ ਬਾਵਜੂਦ ਮਜ਼ਦੂਰ ਅਤੇ ਕਿਸਾਨ ਆਪਣੇ ਬੱਚਿਆਂ ਦਾ ਭਵਿੱਖ ਨਹੀਂ ਬਣਾ ਸਕਦੇ। ਉਨ੍ਹਾਂ ਕਿਹਾ ਕਿ ਮਜ਼ਦੂਰ ਦਿਵਸ ’ਤੇ ਸਮੁੱਚੇ ਸਮਾਜ ਨੂੰ ਇਨ੍ਹਾਂ ਦੋਵੇਂ ਵਰਗਾਂ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਖਰੜ (ਪੱਤਰ ਪ੍ਰੇਰਕ): ਮਜ਼ਦੂਰ ਦਿਵਸ ਮੌਕੇ ਅਪੈਕਸ ਹਸਪਤਾਲ ਖਰੜ ਦੇ ਡਾਕਟਰਾਂ ਦੀ ਟੀਮ ਵੱਲੋਂ ਲੇਬਰ ਚੌਕ ਖਰੜ ਵਿੱਚ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਰਘਬੀਰ ਸਿੰਘ ਬੰਗੜ, ਡਾ. ਸ਼ਿਵਾਲੀ, ਡਾ. ਪਲਵੀ ਵਰਮਾ ਅਤੇ ਡਾ. ਮੁਕੇਸ਼ ਵਰਮਾ ਨੇ 100 ਤੋਂ ਵੱਧ ਮਰੀਜ਼ਾਂ ਦਾ ਮੁਆਇਨਾ ਕੀਤਾ।
ਮਜ਼ਦੂਰ ਵਰਗ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਦਿ ਟ੍ਰਿਬਿਊਨ ਐਂਪਲਾਇਜ਼ ਯੂਨੀਅਨ ਨੇ ਅੱਜ ਇੱਥੇ ਮਜ਼ਦੂਰ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮਜ਼ਦੂਰ ਦਿਵਸ ਸਬੰਧੀ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੁਪਤਾ, ਸੀਨੀਅਰ ਉਪਰ ਪ੍ਰਧਾਨ ਕਰਮ ਵੀਰ ਅਤੇ ਉਪ ਪ੍ਰਧਾਨ ਡਾ. ਜੋਗਿੰਦਰ ਸਿੰਘ ਨੇ ਸ਼ਿਕਾਗੋ ਦੇ ਸ਼ਹੀਦਾਂ ਦੇ ਸੰਘਰਸ਼ ਤੋਂ ਪ੍ਰੇਰਨਾ ਲੈਂਦਿਆਂ ਮਜ਼ਦੂਰ ਵਰਗ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।
ਥਰਮਲ ਦੇ ਗੇਟ ਅੱਗੇ ਝੰਡਾ ਝੁਲਾਇਆ
ਘਨੌਲੀ (ਪੱਤਰ ਪ੍ਰੇਰਕ): ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੇਨ ਗੇਟ ਅੱਗੇ ਆਰਟੀਪੀ ਕੰਟਰੈਕਟਰ ਵਰਕਰ ਯੂਨੀਅਨ ਤੇ ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਏਟਕ ਵੱਲੋਂ ਮਜ਼ਦੂਰ ਦਿਵਸ ਸਬੰਧੀ ਥਰਮਲ ਪਲਾਂਟ ਦੇ ਮੁੱਖ ਗੇਟ ਨੇੜੇ ਝੰਡਾ ਲਹਿਰਾਇਆ ਗਿਆ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਚਮਕੌਰ ਸਾਹਿਬ ਵੱਲੋਂ ਨਵੇਂ ਬਣੇ ਲੇਬਰ ਚੌਕ ਵਿੱਚ ਮਜ਼ਦੂਰ ਦਿਵਸ ਮਨਾਇਆ। ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋਮਜਾਰਾ ਅਤੇ ਚੇਅਰਮੈਨ ਦਲਵੀਰ ਸਿੰਘ ਵਲੋਂ ਲਾਲ ਝੰਡਾ ਚੜ੍ਹਾਇਆ ਗਿਆ।
ਮਈ ਦਿਵਸ ਦੀ ਮਹੱਤਤਾ ਤੋਂ ਅਣਜਾਣ ਪਰਵਾਸੀ ਮਜ਼ਦੂਰ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਅੱਜ ਮਜ਼ਦੂਰ ਦਿਵਸ ਮੌਕੇ ਜਦੋਂ ਪਿੰਡ ਮੁੱਲਾਂਪੁਰ ਗਰੀਬਦਾਸ, ਪੜੌਲ ਪਿੰਡਾਂ ਵਿਚ ਇੱਟਾਂ ਦੇ ਭੱਠਿਆਂ ’ਤੇ ਮਿੱਟੀ ਗਾਰੇ ਨਾਲ ਕੱਚੀਆਂ ਇੱਟਾਂ ਬਣਾਉਣ ਵਾਲੀਆਂ ਪਰਵਾਸੀ ਮਹਿਲਾ ਮਜ਼ਦੂਰਾਂ ਨੂੰ ਇਸ ਦਿਵਸ ਦੀ ਮਹੱਤਤਾ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਆਪਣੀ ਬੋਲੀ ਵਿੱਚ ਬੋਲਦਿਆਂ ਕਿਹਾ ਕਿ ਮਜ਼ੂਦਰ ਦਿਵਸ ਕੀ ਹੁੰਦਾ ਹੈ, ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਇਸੇ ਦੌਰਾਨ ਸਾਬਕਾ ਬਲਾਕ ਸਮਿਤੀ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਤੇਜੀ ਬਾਜਵਾ ਪੜੌਲ ਨੇ ਕਿਹਾ ਕਿ ਅੱਜ ਮਹਿਲਾਵਾਂ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ ਪਰ ਭੱਠਿਆਂ ’ਤੇ ਕੋਈ ਵੀ ਇਨ੍ਹਾਂ ਮਹਿਲਾਵਾਂ ਨੂੰ ਉਨ੍ਹਾਂ ਦੇ ਹੱਕਾਂ, ਅਧਿਕਾਰਾਂ ਅਤੇ ਮਜ਼ਦੂਰ ਦਿਵਸ ਸਬੰਧੀ ਜਾਗਰੂਕ ਕਰਨ ਲਈ ਬਹੁੜਿਆ।
ਸੀਪੀਯੂਜੇ ਨੇ ਸੈਕਟਰ-17 ਵਿੱਚ ਮਨੁੱਖੀ ਲੜੀ ਬਣਾਈ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਚੰਡੀਗੜ੍ਹ-ਪੰਜਾਬ ਯੂਨੀਅਨ ਆਫ ਜਰਨਲਿਸਟਸ (ਸੀਪੀਯੂਜੇ) ਨੇ ਮਈ ਦਿਵਸ ਮੌਕੇ ਮਜ਼ਦੂਰ ਵਰਗ ਦੇ ਹਿੱਤਾਂ ਲਈ ਆਪਣੀਆਂ ਜਾਨਾਂ ਵਾਰਨ ਵਾਲਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਸੈਕਟਰ-17 ਪਲਾਜ਼ਾ ਵਿੱਚ ਰੈਲੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਆਪਣੀਆਂ ਹੱਕੀ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਇਕ ਦੂਜੇ ਦਾ ਹੱਥ ਫੜ ਕੇ ਮਨੁੱਖੀ ਲੜੀ ਬਣਾਈ। ਰੈਲੀ ਨੂੰ ਸੰਬੋਧਨ ਕਰਦਿਆਂ ਸੀਪੀਯੂਜੇ ਦੇ ਪ੍ਰਧਾਨ ਵਿਨੋਦ ਕੋਹਲੀ ਨੇ ਇਲੈਕਟ੍ਰਾਨਿਕ ਮੀਡੀਆ ਨੂੰ ਪ੍ਰੈੱਸ ਕੌਂਸਲ ਦੇ ਦਾਇਰੇ ਵਿੱਚ ਸ਼ਾਮਲ ਕਰਨ ਦੀ ਮੰਗ ਕਰਦਿਆਂ ਇਸ ਦਾ ਨਾਂ ਬਦਲ ਕੇ ਮੀਡੀਆ ਕੌਂਸਲ ਰੱਖਣ ਦੀ ਮੰਗ ਕੀਤੀ। ਉਨ੍ਹਾਂ ਪਿਛਲੇ ਕੁਝ ਸਮੇਂ ਵਿੱਚ ਪੱਤਰਕਾਰਾਂ ’ਤੇ ਹੋਏ ਹਮਲਿਆਂ ਦੀ ਨਿਖੇਧੀ ਕਰਦਿਆਂ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਡੈਸਕ ’ਤੇ ਕੰਮ ਕਰਦੇ ਪੱਤਰਕਾਰਾਂ ਲਈ ਵੀ ਪੈਨਸ਼ਨ ਸਕੀਮ ਸ਼ੁਰੂ ਕਰਨ, ਸਟੇਟ ਪ੍ਰੈੱਸ ਐਕਰੀਡੀਸ਼ਨ ਕਮੇਟੀ ਦਾ ਗਠਨ ਕਰਨ ਅਤੇ ਸਮੂਹ ਪੱਤਰਕਾਰਾਂ ਨੂੰ ਟੋਲ ਟੈਕਸ ਤੋਂ ਛੋਟ ਦੇਣ ਦੀਆਂ ਸਹੂਲਤਾਂ ਦੇਣ ਸਮੇਤ ਪੰਜਾਬ ਸਰਕਾਰ ਵੱਲੋਂ ਪਹਿਲਾਂ ਮੰਨੀਆਂ ਸਾਰੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ ਗਈ।
ਫੈਕਟਰੀ ਕਾਮਿਆਂ ਨੇ ਧਰਨੇ ’ਤੇ ਹੀ ਮਨਾਇਆ ਮਜ਼ਦੂਰ ਦਿਵਸ
ਐੱਸਏਐੱਸ ਨਗਰ (ਖੇਤਰੀ ਪ੍ਰਤੀਨਿਧ): ਐੱਫਐੱਨਆਈ (ਕਾਨਟ੍ਰੈਕਟਰਜ਼) ਮਜ਼ਦੂਰ ਏਕਤਾ ਯੂਨੀਅਨ ਏਟਕ ਪਿੰਡ ਬਾਸਮਾਂ ਦੇ ਸੈਂਕੜੇ ਮਜ਼ਦੂਰਾਂ ਨੇ ਕਿਰਤ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਪਿਛਲੇ 150 ਦਿਨਾਂ ਤੋਂ ਲਗਾਏ ਧਰਨੇ ਉਤੇ ਮਜ਼ਦੂਰ ਦਿਵਸ ਮਨਾਇਆ। ਇਸ ਮੌਕੇ ਏਟਕ ਪੰਜਾਬ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ, ਉੱਪ ਪ੍ਰਧਾਨ ਵਿਨੋਦ ਚੁੱਘ, ਕਿਸਾਨ ਆਗੂ ਡਾ ਦਰਸ਼ਨ ਪਾਲ, ਲਖਵਿੰਦਰ ਸਿੰਘ ਕਰਾਲਾ, ਹਰਦੀਪ ਸਿੰਘ ਬਲਟਾਣਾ, ਕਿਰਪਾਲ ਸਿੰਘ ਸਿਆਊ, ਜਗਜੀਤ ਸਿੰਘ, ਰਵਿੰਦਰਪਾਲ ਸਿੰਘ ਬਿੰਦਰਾ, ਵਿੱਕੀ ਘਨੌਰ, ਕਾਮਰੇਡ ਸੱਜਣ ਸਿੰਘ, ਕਾਮਰੇਡ ਅਮਰਜੀਤ ਸਿੰਘ ਘਨੌਰ, ਕਾਮਰੇਡ ਜਸਪਾਲ ਸਿੰਘ ਦੱਪਰ, ਹਰਿੰਦਰ ਸਿੰਘ ਲਾਖਾ, ਰਘਵੀਰ ਸਿੰਘ, ਸੀਪੀਆਈ ਆਗੂ ਮਹਿੰਦਰਪਾਲ ਸਿੰਘ, ਕਾਮਰੇਡ ਅਸ਼ਵਨੀ ਮਨਹਾਸ ਲਾਲੜੂ ਨੇ ਸੰਬੋਧਨ ਕੀਤਾ। ਉਨ੍ਹਾਂ ਫਰੂਡਨਬਰਗ ਨੋਕ ਕੰਪਨੀ ਵੱਲੋਂ ਕਾਮਿਆਂ ਨੂੰ ਪੱਕਾ ਕਰਨ ਦੀ ਥਾਂ ਠੇਕੇਦਾਰਾਂ ਰਾਹੀਂ ਕੰਮ ਕਰਾਉਣ ਦਾ ਵਿਰੋਧ ਕੀਤਾ। ਉਨ੍ਹਾਂ ਕਿਰਤ ਵਿਭਾਗ ਕੋਲੋਂ ਕਿਰਤੀਆਂ ਦੀਆਂ ਯੂਨੀਅਨਾਂ ਦੀ ਰਜਿਸਟਰੇਸ਼ਨ ਕਰਨ ਸਮੇਂ ਅੜਿੱਕਿਆਂ ਵਿਰੁੱਧ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ।