ਕਰਮਜੀਤ ਸਿੰਘ ਚਿੱਲਾ
ਬਨੂੜ, 22 ਮਈ
ਨਜ਼ਦੀਕੀ ਪਿੰਡ ਕੁਰੜੀ ਵਿਚ 59 ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਸਿਵਲ ਸਰਜਨ ਦੀ ਸਿਫ਼ਾਰਸ਼ ’ਤੇ ਪ੍ਰਸਾਸ਼ਨ ਨੇ ਪਿੰਡ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਥਾਣਾ ਸੋਹਾਣਾ ਦੇ ਐੱਸਐੱਚਓ ਭਗਵੰਤ ਸਿੰਘ ਅਤੇ ਏਐੱਸਆਈ ਬੀਰ ਚੰਦ ਦੀ ਅਗਵਾਈ ਹੇਠ ਪੁਲੀਸ ਨੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਕਰੋਨਾ ਪ੍ਰਭਾਵਿਤ ਖੇਤਰ ਵਿੱਚ ਨਾਕਾਬੰਦੀ ਕਰ ਕੇ ਬਾਹਰੋਂ ਆਉਣ-ਜਾਣ ਵਾਲਿਆਂ ਦਾ ਦਾਖ਼ਲਾ ਬੰਦ ਕਰ ਦਿੱਤਾ ਹੈ।
ਸਰਪੰਚ ਛੱਜਾ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਵਿੱਚ ਇੱਕ ਮਹਿਲਾ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਕਾਰਨ ਪਿੰਡ ਵਿੱਚ ਕਰੋਨਾ ਜਾਂਚ ਲਈ ਕੈਂਪ ਲਗਵਾਇਆ ਗਿਆ ਸੀ। ਇਸ ਕੈਂਪ ਵਿੱਚ ਪਿੰਡ ਦੇ 310 ਵਸਨੀਕਾਂ ਦੇ ਟੈਸਟ ਕਰਾਏ ਗਏ ਹਨ, ਜਿਨ੍ਹਾਂ ਵਿੱਚੋਂ 59 ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਪਿੰਡ ਵਿੱਚ ਮੌਜੂਦ ਵੈੱਲਨੈੱਸ ਸੈਂਟਰ ਦੀ ਇੰਚਾਰਜ ਸੀਐੱਚਓ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਪਾਜ਼ੇਟਿਵ ਮਰੀਜ਼ਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਸਾਰਿਆਂ ਨੂੰ ਫ਼ਤਹਿ ਕਿੱਟਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਲੋੜਵੰਦਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਵੀ ਮੁਹੱਈਆ ਕਰਾਈਆਂ ਜਾ ਰਹੀਆਂ ਹਨ।
ਪਿੰਡ ਦੇ ਨੌਜਵਾਨਾਂ ਨੇ ਦੇਵਿੰਦਰ ਸਿੰਘ ਢੋਲ ਤੇ ਹੋਰਨਾਂ ਦੀ ਅਗਵਾਈ ਹੇਠ ਨਾਕਾਬੰਦੀ ਉੱਤੇ ਡਿਊਟੀ ਸੰਭਾਲੀ ਹੋਈ ਹੈ। ਸਰਪੰਚ ਨੇ ਦੱਸਿਆ ਕਿ ਪਿੰਡ ਵਿੱਚ ਜਲਦੀ ਹੀ ਫੋਗਿੰਗ ਅਤੇ ਕੀਟਾਣੂ ਰੋਕੂ ਦਵਾਈ ਦਾ ਸਪਰੇਅ ਵੀ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਦੇ ਬਾਕੀ ਰਹਿੰਦੇ ਵਸਨੀਕਾਂ ਦੇ ਟੈਸਟ ਕਰਾਉਣ ਲਈ ਕੈਂਪ ਵੀ ਲਗਾਏ ਜਾਣਗੇ।