ਮਿਹਰ ਸਿੰਘ
ਕੁਰਾਲੀ, 1 ਨਵੰਬਰ
ਕੁਰਾਲੀ ਨਗਰ ਕੌਂਸਲ ਦੇ ਪ੍ਰਧਾਨ ਦੇ ਧੜੇ ਵੱਲੋਂ ਹੁਣ ਮਤਾ ਪਾ ਕੇ ਕਾਰਜਸਾਧਕ ਅਫ਼ਸਰ ਖ਼ਿਲਾਫ਼ ਜੰਗ ਹੋਰ ਤੇਜ਼ ਕਰ ਦਿੱਤੀ ਗਈ ਹੈ। ਕਾਰਜਸਾਧਕ ਅਫ਼ਸਰ ਦੇ ਤਬਾਦਲੇ ਦੇ ਮਤੇ ਨੂੰ ਮੁੱਖ ਰੱਖ ਕੇ ਤਹਿਸੀਲਦਾਰ ਜਸਵਿੰਦਰ ਸਿੰਘ ਨੂੰ ਡਿਊਟੀ ਅਫ਼ਸਰ ਨਿਯੁਕਤ ਕਰਕੇ ਭੇਜਿਆ ਗਿਆ ਜਦਕਿ ਐੱਸਐੱਚਓ ਸੁਖਦੀਪ ਕੌਰ ਦੀ ਅਗਵਾਈ ਹੇਠ ਪੁਲੀਸ ਨੇ ਕੌਂਸਲ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕਰਕੇ ਸੁਰੱਖਿਆ ਦੇ ਪ੍ਰਬੰਧ ਕੀਤੇ।
ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ’ਤੇ ਮਨਮਾਨੀਆਂ ਦਾ ਦੋਸ਼ ਲਗਾਉਂਦਿਆਂ ਸਰਕਾਰੀ ਮਸ਼ੀਨਰੀ ਦੀ ਨਿੱਜੀ ਕੰਮਾਂ ਲਈ ਦੁਰਵਰਤੋਂ ਕਰਨ, ਕੌਂਸਲ ਦੀ ਦਿੱਖ ਖ਼ਰਾਬ ਕਰਨ, ਨਗਰ ਕੌਂਸਲ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਅਤੇ ਭ੍ਰਿਸ਼ਟਾਚਾਰ ਜਿਹੇ ਦੋਸ਼ ਲਗਾ ਕੇ ਸਰਕਾਰ ਤੋਂ ਕਾਰਵਾਈ ਕਰਵਾਉਣ ਲਈ ਮਤਾ ਪੇਸ਼ ਕੀਤਾ। ਕੌਂਸਲ ਪ੍ਰਧਾਨ ਨੇ ਦੱਸਿਆ ਕਿ ਇਸ ਸਬੰਧੀ ਉਹ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਤੇ ਸਕੱਤਰ ਤੋਂ ਲੈ ਕੇ ਹੋਰ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਕਰ ਚੁੱਕੇ ਹਨ।
ਦੂਜੇ ਪਾਸੇ ਕੌਂਸਲਰ ਬਹਾਦਰ ਸਿੰਘ ਓਕੇ, ਨੰਦੀਪਾਲ ਬਾਂਸਲ, ਭਾਵਨਾ ਸ਼ਰਮਾ, ਖੁਸ਼ਬੀਰ ਸਿੰਘ ਅਤੇ ਭੂਸ਼ਨ ਵਰਮਾ ਨੇ ਇਸ ਮਤੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਮਸਲੇ ਦੀ ਪਹਿਲਾਂ ਹੀ ਸਰਕਾਰ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ ਅਤੇ ਰਿਪੋਰਟ ਆਉਣ ਤੱਕ ਇਸ ਸਬੰਧੀ ਮਤਾ ਲਿਆਉਣਾ ਜਾਇਜ਼ ਨਹੀਂ ਹੈ। ਉਨ੍ਹਾਂ ਸ਼ਹਿਰ ਦੇ ਕਲੋਨਾਇਜ਼ਰਾਂ ਤੋਂ ਬਣਦੀ ਫੀਸ ਵਸੂਲੇ ਜਾਣ ਨੂੰ ਯਕੀਨੀ ਬਣਾਉਣ ਅਤੇ ਅਜਿਹੀ ਨਿੱਜੀ ਲੜਾਈ ਵਾਲੀਆਂ ਮੀਟਿੰਗਾਂ ਦੀ ਥਾਂ ਸ਼ਹਿਰ ਦੇ ਵਿਕਾਸ, ਡੇਂਗੂ ਤੇ ਚਿਕਨਗੁਨੀਆ ਜਿਹੇ ਗੰਭੀਰ ਮਸਲਿਆਂ ਨੂੰ ਲੈ ਕੇ ਮੀਟਿੰਗਾਂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਦਰਜਨ ਕੌਂਸਲਰਾਂ ਨੇ ਮਤੇ ’ਤੇ ਸਹਿਮਤੀ ਪ੍ਰਗਟ ਕੀਤੀ ਜਦਕਿ ਪੰਜ ਕੌਂਸਲਰਾਂ ਨੇ ਮਤੇ ’ਤੇ ਆਪਣਾ ਲਿਖਤੀ ਵਿਰੋਧ ਦਰਜ ਕਰਵਾਇਆ। ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਉਣ ਅਤੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਦੂਜੇ ਪਾਸੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਕੌਂਸਲ ਪ੍ਰਧਾਨ ਕਲੋਨੀਆਂ ਕੱਟਣ ਦੇ ਧੰਦੇ ਨਾਲ ਜੁੜੇ ਕੌਂਸਲਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਲਾਭ ਪਹੁੰਚਾਉਣ ਲਈ ਉਨ੍ਹਾਂ ਖ਼ਿਲਾਫ਼ ਡਟੇ ਹੋਏ ਹਨ।