ਮਿਹਰ ਸਿੰਘ
ਕੁਰਾਲੀ, 10 ਮਈ
ਇਥੋਂ ਦੇ ਮੇਨ ਬਾਜ਼ਾਰ ਵਿੱਚ ਅੱਜ ਚਾਰ-ਮੰਜ਼ਿਲਾ ਸ਼ੋਅਰੂਮ ਨੂੰ ਅੱਗ ਗਈ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਵੇਰਵਿਆਂ ਅਨੁਸਾਰ ਸਬਜ਼ੀ ਮੰਡੀ ਚੌਕ ਨੇੜਲੇ ਏਕੇ ਕਲਾਥ ਹਾਊਸ ਤੇ ਰੈਡੀਮੇਡ ਗਾਰਮੈਂਟਸ ਸ਼ੋਅਰੂਮ ਵਿਚ ਅੱਜ ਸਵੇਰੇ 5.30 ਵਜੇ ਧੂੰਆਂ ਨਿਕਲਦਾ ਦੇਖਿਆ ਗਿਆ। ਇਸ ਸਬੰਧੀ ਤੁਰੰਤ ਮਾਲਕ ਨੂੰ ਜਾਣਕਾਰੀ ਦਿੱਤੀ। ਮਾਲਕ ਰਜੇਸ਼ ਬਾਂਸਲ ਨੇ ਦੱਸਿਆ ਕਿ ਉਸ ਨੇ ਰਾਤ ਨੂੰ ਸ਼ੋਅਰੂਮ ਬੰਦ ਕਰਨ ਵੇਲੇ ਸਾਰੀਆਂ ਲਾਈਟਾਂ ਬੰਦ ਕੀਤੀਆਂ ਸਨ। ਅੱਗ ਲੱਗਣ ਦੀ ਜਾਣਕਾਰੀ ਮਿਲਣ ’ਤੇ ਫਾਇਰ ਬਿਗ੍ਰੇਡ ਨੂੰ ਫੋਨ ਕੀਤਾ ਗਿਆ ਪਰ ਕਾਫੀ ਸਮੇਂ ਤੱਕ ਫੋਨ ਨਹੀਂ ਮਿਲਿਆ। ਇਸੇ ਦੌਰਾਨ ਉਹ ਥਾਣਾ ਸਦਰ ਮਦਦ ਲਈ ਗਏ। ਪੁਲੀਸ ਨੇ ਉਸ ਨੂੰ ਸਿਟੀ ਥਾਣੇ ਜਾਣ ਲਈ ਕਿਹਾ। ਰਾਜੇਸ਼ ਨੇ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਨੇ ਪਾਣੀ ਦੇ ਟੈਂਕਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਫੀ ਫੈਲ ਚੁੱਕੀ ਸੀ। ਸਿਟੀ ਪੁਲੀਸ ਅਤੇ ਨਗਰ ਕੌਂਸਲ ਦੇ ਕਰਚਮਾਰੀਆਂ ਦੀ ਮਦਦ ਨਾਲ ਖਰੜ, ਮੁਹਾਲੀ ਤੇ ਮੋਰਿੰਡਾ ਤੋਂ ਫਾਇਰ ਬ੍ਰਿਗੇਡ ਬੁਲਾਈ ਗਈ। ਉਸ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਰੀਬ ਡੇਢ ਘੰਟੇ ਬਾਅਦ ਪੁੱਜੀਆਂ। ਉਦੋਂ ਤੱਕ ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ। ਫਾਇਰ ਬ੍ਰਿਗੇਡ ਨੇ ਪੰਜ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਸ਼ੋਅਰੂਮ ਦੇ ਬੇਸਮੈਂਟ ਤੋਂ ਲੈ ਕੇ ਉੱਪਰਲੀ ਮੰਜ਼ਿਲ ਤੱਕ ਸਾਰਾ ਸਮਾਨ ਸੜ ਚੁੱਕਾ ਸੀ। ਬਿਜਲੀ ਦੇ ਸ਼ਾਰਟ ਸਰਕਟ ਨੂੰ ਇਸ ਘਟਨਾ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਕੁਰਾਲੀ ’ਚ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਵੱਡਾ ਨੁਕਸਾਨ ਹੋਇਆ: ਸ਼ੋਅਰੂਮ ਦੇ ਮਾਲਕ ਰਾਜੇਸ਼ ਬਾਂਸਲ ਨੇ ਦੱਸਿਆ ਕਿ ਜਦੋਂ ਉਹ ਸ਼ੋਅਰੂਮ ਪਹੁੰਚਿਆ ਤਾਂ ਸ਼ੋਅਰੂਮ ਦੇ ਕੇਵਲ ਅਗਲੇ ਕੁਝ ਹਿੱਸੇ ਨੂੰ ਹੀ ਅੱਗ ਲੱਗੀ ਹੋਈ ਸੀ। ਜੇਕਰ ਨਗਰ ਕੌਂਸਲ ਕੋਲ ਫਾਇਰ ਬ੍ਰਿਗੇਡ ਦੀ ਗੱਡੀ ਹੁੰਦੀ ਤਾਂ ਉਸ ਦਾ ਕਰੋੜਾਂ ਦਾ ਨੁਕਸਾਨ ਬਚ ਸਕਦਾ ਸੀ। ਦੁਕਾਨਦਾਰਾਂ ਨੇ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਕੁਰਾਲੀ ਵਿੱਚ ਅਤਿਸ਼ਬਾਜ਼ੀ ਦੀ ਵੱਡੀ ਮੰਡੀ ਵੀ ਹੈ ਪਰ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦਾ ਪੱਕਾ ਪ੍ਰਬੰਧ ਨਹੀਂ ਹੈ।
ਜ਼ੀਰਕਪੁਰ: ਕੇਨਰਾ ਬੈਂਕ ਦੀ ਇਮਾਰਤ ਵਿੱਚ ਅੱਗ ਲੱਗੀ
ਜ਼ੀਰਕਪੁਰ (ਹਰਜੀਤ ਸਿੰਘ): ਇਥੋਂ ਦੀ ਵੀਆਈਪੀ ਰੋਡ ’ਤੇ ਅੱਜ ਸਵੇਰੇ ਕੇਨਰਾ ਬੈਂਕ ਦੀ ਇਮਾਰਤ ਵਿੱਚ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਫਾਇਰ ਬ੍ਰਿਗੇਡ ਨੇ ਇਕ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਬੈਂਕ ਦੇ ਰੀਜਨਲ ਹੈੱਡ ਰਵਿੰਦਰ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਅੱਗ ਕਾਰਨ ਬੈਂਕ ਬ੍ਰਾਂਚ ਵਿੱਚ ਪਏ ਕੰਪਿਊਟਰ ਅਤੇ ਕੈਸ਼ ਵਾਲਟ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਫਾਈਲਾਂ, ਜ਼ਰੂਰੀ ਦਸਤਾਵੇਜ਼, ਫਰਨੀਚਰ ਅਤੇ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਿਆ। ਫਾਇਰ ਅਫਸਰ ਰਾਜੀਵ ਕੁਮਾਰ ਨੇ ਦੱਸਿਆ ਕਿ 9 ਵਜੇ ਅੱਗ ਦੀ ਸੂਚਨਾ ਮਿਲਣ ਮਗਰੋਂ ਪੰਜ ਮਿੰਟ ਵਿੱਚ ਗੱਡੀ ਮੌਕੇ ’ਤੇ ਪਹੁੰਚ ਗਈ। ਬੈਂਕ ਦੀ ਇਮਾਰਤ ਬੰਦ ਹੋਣ ਕਾਰਨ ਉਸ ਵਿੱਚ ਧੂੰਆਂ ਭਰ ਗਿਆ ਸੀ ਜਿਸ ਕਾਰਨ ਅੱਗ ’ਤੇ ਕਾਬੂ ਪਾਉਣ ਵਿੱਚ ਭਾਰੀ ਮੁਸ਼ੱਕਤ ਕਰਨੀ ਪਈ। ਮੁੱਢਲੀ ਜਾਂਚ ਵਿੱਚ ਸ਼ਾਰਟ ਸਰਕਟ ਨੂੰ ਅੱਗ ਲੱਗਣ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਮੁਹਾਲੀ: ਉੱਚੀਆਂ ਇਮਾਰਤਾਂ ’ਚ ਅੱਗ ਬੁਝਾਉਣ ਲਈ ਗੱਡੀ ਮੰਗੀ
ਮੁਹਾਲੀ (ਪੱਤਰ ਪ੍ਰੇਰਕ): ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਗਮਾਡਾ ਦੇ ਸੀਏ ਨੂੰ ਪੱਤਰ ਲਿਖ ਕੇ 104 ਮੀਟਰ ਉੱਚੀ ਹਾਈ ਰਾਈਜ਼ ਫਾਇਰ ਬ੍ਰਿਗੇਡ ਦੀ ਗੱਡੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਕੋਲ ਪਹਿਲਾਂ 54 ਮੀਟਰ ਦੀ ਉਚਾਈ ਤੱਕ ਅੱਗ ਬੁਝਾਉਣ ਲਈ ਇਕ ਫਾਇਰ ਬ੍ਰਿਗੇਡ ਦੀ ਗੱਡੀ ਹੈ ਜਦੋਂਕਿ ਮੌਜੂਦਾ ਸਮੇਂ ਉੱਚੀਆਂ ਇਮਾਰਤਾਂ ਦਾ ਬਣਨਾ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ 94 ਮੀਟਰ ਉੱਚੀ ਬਿਲਡਿੰਗ ਤੋਂ ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਲਈ ਫੋਨ ਕਾਲ ਵੀ ਆ ਚੁੱਕੀ ਹੈ। ਇਸ ਨੂੰ ਦੇਖਦੇ ਹੋਏ ਗਮਾਡਾ ਨੂੰ 104 ਮੀਟਰ ਉੱਚੀ ਫਾਇਰ ਬ੍ਰਿਗੇਡ ਦੀ ਗੱਡੀ ਦੇਣ ਲਈ ਪੱਤਰ ਲਿਖਿਆ ਗਿਆ ਹੈ। ਨਾਲ ਹੀ ਗੱਡੀ ਚਲਾਉਣ ਲਈ ਵਿਸ਼ੇਸ਼ ਸਿਖਲਾਈ ਦੇਣ ਦੀ ਵਿਵਸਥਾ ਕੀਤੀ ਜਾਵੇ। ਮੇਅਰ ਨੇ ਕਿਹਾ ਕਿ ਸੈਕਟਰ-78 ਵਿੱਚ ਨਵਾਂ ਫਾਇਰ ਬ੍ਰਿਗੇਡ ਸਟੇਸ਼ਨ ਬਣਾਉਣ ਦਾ ਕੰਮ ਚੱਲ ਰਿਹਾ ਹੈ ਜੋ ਕਿ ਨਵੇਂ ਸੈਕਟਰਾਂ ਅਤੇ ਸਨਅਤੀ ਏਰੀਆ ਫੇਜ਼-9 ਨੂੰ ਕਵਰ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਵੇਂ ਫਾਇਰ ਬ੍ਰਿਗੇਡ ਦੀ ਉਸਾਰੀ ਉਪਰੰਤ ਇੱਥੇ ਕਾਫ਼ੀ ਹੱਦ ਤੱਕ ਸਾਜ਼ੋ-ਸਾਮਾਨ ਪੁਰਾਣੀ ਫਾਇਰ ਬ੍ਰਿਗੇਡ ਵਿੱਚ ਉਪਲਬਧ ਹੈ। ਜੇਕਰ ਹੋਰ ਸਾਜ਼ੋ-ਸਾਮਾਨ ਦੀ ਲੋੜ ਪਈ ਤਾਂ ਉਹ ਨਗਰ ਨਿਗਮ ਵੱਲੋਂ ਖ਼ਰੀਦਿਆ ਜਾਵੇਗਾ। ਮੁਹਾਲੀ ਵਿੱਚ ਲਾਵਾਰਿਸ ਪਸ਼ੂਆਂ ਅਤੇ ਸੜਕਾਂ ਉੱਤੇ ਲੱਗਦੀਆਂ ਨਾਜਾਇਜ਼ ਰੇਹੜੀਆਂ ਸਬੰਧੀ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਸ ਬਾਰੇ ਐੱਸਐੱਸਪੀ ਨੂੰ ਪੱਤਰ ਲਿਖ ਕੇ ਡੈਪੂਟੇਸ਼ਨ ਪੁਲੀਸ ਕਰਮਚਾਰੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕੇ ਗਏ ਹਨ ਪਰ ਪਾਲਤੂ ਪਸ਼ੂਆਂ ਕਾਰਨ ਵੀ ਸਮੱਸਿਆ ਹੋ ਰਹੀ ਹੈ ਅਤੇ ਸ਼ਹਿਰ ਵਿੱਚ ਗੰਦਗੀ ਫੈਲ ਰਹੀ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਮਾਜ ਸੇਵੀ ਨਵਜੋਤ ਸਿੰਘ ਬਾਛਲ ਹਾਜ਼ਰ ਸਨ।