ਮਿਹਰ ਸਿੰਘ
ਕੁਰਾਲੀ, 6 ਮਈ
ਸ਼ਹਿਰ ਵਿੱਚ ਲਾਵਾਰਿਸ ਪਸ਼ੂਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਸੜਕਾਂ ਅਤੇ ਗਲੀਆਂ ਵਿੱਚ ਘੁੰਮਦੇ ਇਹ ਪਸ਼ੂ ਸ਼ਹਿਰ ਵਾਸੀਆਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਸੜਕਾਂ ’ਤੇ ਘੁੰਮਦੇ ਆਵਾਰਾ ਪਸ਼ੂ ਹਾਦਸਿਆਂ ਦਾ ਸਬੱਬ ਬਣ ਰਹੇ ਹਨ। ਦਿਨ ਵੇਲੇ ਇਹ ਪਸ਼ੂ ਜਿੱਥੇ ਰਿਹਾਇਸ਼ੀ ਖੇਤਰਾਂ ਵਿੱਚ ਲੋਕਾਂ ਲਈ ਸਮੱਸਿਆਵਾਂ ਦਾ ਕਾਰਨ ਬਣਦੇ ਹਨ, ਉੱਥੇ ਰਾਤ ਸਮੇਂ ਸੜਕਾਂ ’ਤੇ ਆ ਕੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਆਵਾਰਾ ਪਸ਼ੂਆਂ ਨੂੰ ਕਾਬੂ ਕਰਕੇ ਗਊਸ਼ਾਲਾ ਵਿੱਚ ਭੇਜਣ ਦਾ ਕੌਂਸਲ ਕੋਲ ਪ੍ਰਬੰਧ ਨਾ ਹੋਣ ਕਾਰਨ ਸਮੱਸਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ। ਉਥੇ ਹੀ ਸ਼ਹਿਰ ਦੀ ਖੁਸ਼ੀ ਰਾਮ ਕਲੋਨੀ ਵਿੱਚ ਲੜਦੇ ਹੋਏ ਆਪੇ ਤੋਂ ਬਾਹਰ ਹੋਏ ਪਸ਼ੂਆਂ ਨੇ ਐਕਟਿਵਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਗੁਰਦਿੱਤ ਤੇ ਮੋਹਿਤ ਡਿੱਗ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਦੌਰਾਨ ਪਸ਼ੂਆਂ ਨੇ ਅਧਿਆਪਕਾ ਰੂਪਾਲੀ ਗੁਪਤਾ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਕਾਰਵਾਈ ਲਈ ਲਿਖਾਂਗੇ: ਅਧਿਕਾਰੀ
ਕੌਂਸਲ ਦੇ ਕਾਰਜਸਾਧਕ ਅਫ਼ਸਰ ਸੰਗੀਤ ਕੁਮਾਰ ਨੇ ਕਿਹਾ ਕਿ ਸ਼ਹਿਰ ਵਿੱਚ ਲਾਵਾਰਿਸ ਪਸ਼ੂਆਂ ਦੀ ਭਰਮਾਰ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਿਆ ਜਾਵੇਗਾ ਅਤੇ ਪਸ਼ੂਆਂ ਨੂੰ ਢੁਕਵੀਂ ਥਾਂ ਗਊਸ਼ਾਲਾ ਆਦਿ ਵਿੱਚ ਭੇਜਿਆ ਜਵੇਗਾ।