ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 26 ਮਈ
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਜ਼ਮੀਨ ਵਾਰਸਾਂ ਵੱਲੋਂ ਵਾਪਸ ਲੈਣ ਲਈ ਕਾਨੂੰਨੀ ਚਾਰਾਜੋਈ ਕਰਨ ਸਬੰਧੀ ਅੱਜ ‘ਪੰਜਾਬੀ ਟ੍ਰਿਬਿਊਨ’ ਵਿੱਚ ਤੱਥਾਂ ਦੇ ਆਧਾਰ ’ਤੇ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤਰਸੇਮ ਚੰਦ ਨੂੰ ਵੱਖ-ਵੱਖ ਪਹਿਲੂਆਂ ਨੂੰ ਡੂੰਘਾਈ ਨਾਲ ਜਾਚਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕੁੰਭੜਾ ਸਕੂਲ ਵਿੱਚ ਪੜ੍ਹਦੇ 500 ਬੱਚਿਆਂ ਦਾ ਭਵਿੱਖ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਡੀਈਓ ਅਤੇ ਅਧਿਆਪਕਾਂ ਨੇ ਅੱਜ ਸਹਾਇਕ ਕਮਿਸ਼ਨਰ ਨੂੰ ਦੱਸਿਆ ਕਿ ਕਾਫ਼ੀ ਅਰਸਾ ਪਹਿਲਾਂ ਗੁਰਬਖ਼ਸ਼ ਸਿੰਘ ਨਾਂਅ ਦੇ ਵਿਅਕਤੀ ਨੇ ਇਕ ਕਨਾਲ ਇਕ ਮਰਲਾ ਜ਼ਮੀਨ ਸਕੂਲ ਨੂੰ ਦਾਨ ਵਿੱਚ ਦਿੱਤੀ ਸੀ ਅਤੇ ਕਮਰਿਆਂ ਦੀ ਉਸਾਰੀ ਲਈ 70 ਹਜ਼ਾਰ ਰੁਪਏ ਵੀ ਦਿੱਤੇ ਸਨ ਪਰ ਹੁਣ ਗੁਰਬਖ਼ਸ਼ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਵਾਰਸ ਬਣੇ ਰਿਸ਼ਤੇਦਾਰਾਂ ਨੇ ਅਦਾਲਤ ਵਿੱਚ ਕੇਸ ਪਾ ਕੇ ਸਕੂਲ ਵਾਲੀ ਜ਼ਮੀਨ ਵਾਪਸ ਮੰਗੀ ਹੈ।
ਸਹਾਇਕ ਕਮਿਸ਼ਨਰ ਨੇ ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਗਮਾਡਾ, ਬੀਡੀਪੀਓ ਅਤੇ ਮੁਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਕੁੰਭੜਾ ਸਕੂਲ ਦੀ ਜ਼ਮੀਨ ਅਤੇ ਹੁਣ ਤੱਕ ਖ਼ਰਚੇ ਗਏ ਫੰਡਾਂ/ਗਰਾਂਟਾਂ ਸਬੰਧੀ ਰਿਕਾਰਡ ਦੇਣ ਨੂੰ ਆਖਿਆ ਹੈ। ਉਨ੍ਹਾਂ ਦੱਸਿਆ ਕਿ ਨਿਗਮ ਨੇ ਸਕੂਲ ਦੀ ਕਮਰਿਆਂ ਦੀ ਉਸਾਰੀ ਬਾਬਤ ਖ਼ਰਚ 15 ਲੱਖ ਦੀ ਗਰਾਂਟ ਦੇ ਦਸਤਾਵੇਜ਼ ਦੇ ਦਿੱਤੇ ਹਨ।