ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 9 ਜੂਨ
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੇ ਗਰੀਬ ਪਰਿਵਾਰ ਸਰਕਾਰੀ ਅਨਾਜ ਲੈਣ ਲਈ ਖੱਜਲ-ਖੁਆਰ ਹੋ ਰਹੇ ਹਨ। ਸਾਬਕਾ ਅਕਾਲੀ ਕੌਂਸਲਰ ਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਕੁੰਭੜਾ ਦੀਆਂ ਔਰਤਾਂ ਨੇ ਰਾਸ਼ਨ ਡਿੱਪੂ ਹੋਲਡਰ ’ਤੇ ਪੂਰਾ ਅਨਾਜ ਨਾ ਦੇਣ ਅਤੇ ਵਧੀਕੀਆਂ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਲੋਕਾਂ ਨੇ ਫੂਡ ਸਪਲਾਈ ਮੰਤਰੀ ਸਮੇਤ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਨੂੰ ਸ਼ਿਕਾਇਤਾਂ ਭੇਜ ਕੇ ਡਿੱਪੂ ਹੋਲਡਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ, ਡਿੱਪੂ ਹੋਲਡਰ ਸੰਜੀਵ ਕੁਮਾਰ ਉਰਫ਼ ਰੋਹੀਰਾਮ ਸੋਮਵਾਰ ਸ਼ਾਮ ਤੋਂ ਭੇਤਭਰੀ ਹਾਲਤ ਵਿੱਚ ਲਾਪਤਾ ਦੱਸਿਆ ਜਾ ਰਿਹਾ ਹੈ। ਪੀੜਤ ਲੋਕਾਂ ਨੇ ਮੰਗ ਕੀਤੀ ਕਿ ਡਿੱਪੂ ਹੋਲਡਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਐੱਸਡੀਐੱਮ ਵੱਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਦਾ ਭਰੋਸਾ
ਐੱਸਡੀਐੱਮ ਜਗਦੀਪ ਸਹਿਗਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਨਾ ਹੀ ਕਿਸੇ ਪੀੜਤ ਵਿਅਕਤੀ ਨੇ ਸ਼ਿਕਾਇਤ ਦਿੱਤੀ ਹੈ ਪਰ ਹੁਣ ਉਹ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣਗੇ। ਜੇਕਰ ਡਿੱਪੂ ਹੋਲਡਰ ਕਸੂਰਵਾਰ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਡਿੱਪੂ ਹੋਲਡਰ ਸੰਜੀਵ ਕੁਮਾਰ ਉਰਫ਼ ਰੋਹੀਰਾਮ ਨਾਲ ਸੰਪਰਕ ਨਹੀਂ ਹੋ ਸਕਿਆ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਸੋਮਵਾਰ ਸ਼ਾਮ ਤੋਂ ਭੇਤਭਰੀ ਹਾਲਤ ਵਿੱਚ ਲਾਪਤਾ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੇ ਡੀਐੱਸਪੀ ਅਤੇ ਪੁਲੀਸ ਨੂੰ ਇਤਲਾਹ ਦੇ ਦਿੱਤੀ ਹੈ ਅਤੇ ਆਪਣੇ ਪੱਧਰ ’ਤੇ ਵੀ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।