ਪੱਤਰ ਪ੍ਰੇਰਕ
ਪੰਚਕੂਲਾ, 22 ਜੂਨ
ਪੰਚਕੂਲਾ ਜ਼ਿਲ੍ਹੇ ਦੀ ਕਾਲਕਾ ਨਗਰ ਪਰਿਸ਼ਦ ਦੇ ਚੇਅਰਮੈਨ ਅਹੁਦੇ ਲਈ ਕ੍ਰਿਸ਼ਨ ਲਾਂਬਾ ਨੇ ਜਿੱਤ ਦਰਜ ਕੀਤੀ ਹੈ। ਭਾਜਪਾ ਦੇ ਕ੍ਰਿਸ਼ਨ ਲਾਂਬਾ ਨੇ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ ਪਵਨ ਕੁਮਾਰੀ ਸ਼ਰਮਾ ਨੂੰ 6481 ਵੋਟਾਂ ਦੇ ਫਰਕ ਨਾਲ ਹਰਾਇਆ। ਲਾਂਬਾ ਨੂੰ 20829 ਵੋਟਾਂ ਮਿਲੀਆਂ ਜਦੋਂਕਿ ਇਸਦੇ ਵਿਰੋਧੀ ਆਜ਼ਾਦ ਉਮੀਦਵਾਰ ਪਵਨ ਕੁਮਾਰੀ ਸ਼ਰਮਾ ਨੂੰ 14348 ਵੋਟਾਂ ਪਈਆਂ ਜਿਸ ਕਾਰਨ ਉਹ ਦੂਜੇ ਸਥਾਨ ’ਤੇ ਰਹੀ। ਸ੍ਰੀ ਲਾਂਬਾ 6481 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਅੱਜ ਸਵੇਰੇ 8 ਵਜੇ ਕਾਲਕਾ ਦੇ ਸਰਕਾਰੀ ਕਾਲਜ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਅਤੇ ਇਸਦੇ 14 ਰਾਊਂਡ ਚੱਲੇ ਅਤੇ ਉਮੀਦਵਾਰਾਂ ਦੇ ਭਾਗ ਦਾ ਫੈਲਸਾ ਹੋ ਗਿਆ। ਕ੍ਰਿਸ਼ਨ ਲਾਂਬਾ ਨੇ ਜਿੱਤ ਦਾ ਸਿਹਰਾ ਆਪਣੀ ਪਾਰਟੀ, ਵਰਕਰਾਂ ਅਤੇ ਸੰਗਠਨ ਨੂੰ ਦਿੱਤਾ ਹੈ। ਚੋਣ ਜਿੱਤਣ ਤੋਂ ਬਾਅਦ ਭਾਜਪਾ ਵਰਕਰਾਂ ਨੇ ਕਾਲਕਾ ਵਿੱਚ ਜੇਤੂ ਜਲੂਸ ਕੱਢਿਆ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸਟਰਾਂਗ ਰੂਮ ਦੇ ਆਲੇ-ਦੁਆਲੇ 350 ਪੁਲੀਸ ਮੁਲਾਜ਼ਮ ਤੈਨਾਤ ਕੀਤੇ ਗਏ ਸਨ। ਨਤੀਜੇ ਆਉਣ ਤੋਂ ਬਾਅਦ 31 ਵਾਰਡਾਂ ਵਿੱਚੋਂ 18 ਵਾਰਡਾਂ ਉੱਤੇ ਭਾਜਪਾ ਦਾ ਫੁੱਲ ਖਿੜਿਆ ਹੈ।