ਆਤਿਸ਼ ਗੁਪਤਾ
ਚੰਡੀਗੜ੍ਹ, 16 ਸਤੰਬਰ
ਚੰਡੀਗੜ੍ਹ ਵਿੱਚ ਘਰੇਲੂ ਇਕਾਂਤਵਾਸ ਕੀਤੇ ਕੋਵਿਡ ਦੇ ਮਰੀਜ਼ਾਂ ਨੂੰ ਹੁਣ ਸਮਾਜਿਕ ਵਿਤਕਰੇ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਯੂਟੀ ਪ੍ਰਸ਼ਾਸਨ ਨੇ ਇਨ੍ਹਾਂ ਮਰੀਜ਼ਾਂ ਦੇ ਘਰਾਂ ਦੇ ਬਾਹਰ ਇਕਾਂਤਵਾਸ ਸਬੰਧੀ ਪੋਸਟਰ ਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਵੀ ਹਾਲ ਹੀ ਵਿੱਚ ਅਜਿਹੇ ਪੋਸਟਰ ਨਾ ਲਗਾਊਣ ਦਾ ਐਲਾਨ ਕੀਤਾ ਸੀ। ਇਸੇ ਦੌਰਾਨ ਪ੍ਰਸ਼ਾਸਕ ਸ੍ਰੀ ਬਦਨੌਰ ਨੇ ਪੀਜੀਆਈ ਦੀ ਇਨਫੋਸਿਸ ਸਰਾਂ ਨੂੰ ਕੋਵਿਡ ਹਸਪਤਾਲ ’ਚ ਤਬਦੀਲ ਕਰਨ ਦੇ ਆਦੇਸ਼ ਦਿੱਤੇ ਹਨ ਜਿਥੇ 200 ਮਰੀਜ਼ਾਂ ਨੂੰ ਠਹਿਰਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਸ਼ਾਸਕ ਨੇ ਪੀਜੀਆਈ ਨੂੰ ਐਂਟੀਜਨ ਟੈਸਟ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਦਿਨ-ਰਾਤ ਕਾਰਜ ਕੀਤੇ ਜਾ ਰਹੇ ਹਨ।
ਸ੍ਰੀ ਬਦਨੌਰ ਨੇ ਪੀਜੀਆਈ ਅਤੇ ਸੈਕਟਰ-32 ਹਸਪਤਾਲ ਦੇ ਡਾਇਰੈਕਟਰਾਂ ਨੂੰ ਹਦਾਇਤ ਦਿੱਤੀ ਕਿ ਵੱਖ-ਵੱਖ ਥਾਵਾਂ ’ਤੇ ਇਕਾਂਤਵਾਸ ਕੀਤੇ ਕਰੋਨਾ ਮਰੀਜ਼ਾਂ ਦੇ ਡਾਇਲੇਸਿਸ ਨੂੰ ਜਾਰੀ ਰੱਖਿਆ ਜਾਵੇ। ਇਸ ਤੋਂ ਇਲਾਵਾ ਘਰਾਂ ਵਿੱਚ ਇਕਾਂਤਵਾਸ ਕੀਤੇ ਮਰੀਜ਼ਾਂ ਦੀ ਮੋਬਾਈਲ ਫੋਨ ਰਾਹੀਂ ਸਿਹਤ ਦਾ ਧਿਆਨ ਰੱਖਿਆ ਜਾਵੇ। ਪ੍ਰਸ਼ਾਸਕ ਨੇ ਕਿਹਾ ਕਿ ਪੁਲੀਸ ਅਤੇ ਮੀਡੀਆ ਕਰਮੀਆਂ ਦੀ ਕਰੋਨਾ ਜਾਂਚ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਪਰੀਦਾ ਨੇ ਦੱਸਿਆ ਕਿ ਯੂਟੀ ਪ੍ਰਸ਼ਾਸਨ ਵੱਲੋਂ ਕਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਵਧੇਰੇ ਕਦਮ ਚੁੱਕੇ ਜਾ ਰਹੇ ਹਨ ਅਤੇ ਹੋਰਨਾਂ ਰੋਗੀਆਂ ਦੇ ਇਲਾਜ ਵੱਲ ਵੀ ਬਰਾਬਰ ਧਿਆਨ ਦਿੱਤਾ ਜਾਵੇਗਾ। ਇਸੇ ਦੌਰਾਨ ਸੈਕਟਰ-32 ਦੇ ਸਰਕਾਰੀ ਹਸਪਤਾਲ ਦੇ ਡਾਇਰੈਕਟਰ ਡਾ. ਬੀਐਸ ਚਵਨ ਨੇ ਦੱਸਿਆ ਕਿ ਕਰੋਨਾ ਮਰੀਜ਼ਾਂ ਦੇ ਇਲਾਜ ਲਈ 155 ਨਵੇਂ ਬੈੱਡ ਤਿਆਰ ਕੀਤੇ ਗਏ ਹਨ।
ਚੰਡੀਗੜ੍ਹ ਪ੍ਰਸ਼ਾਸਨ ਨੇ 27 ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ
ਚੰਡੀਗੜ੍ਹ ’ਚ ਰੋਜ਼ਾਨਾ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ’ਤੇ ਨੱਥ ਪਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ’ਚ 27 ਨਵੇਂ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ। ਇਨ੍ਹਾਂ ’ਚ ਸੈਕਟਰ-15, 19, 20, 21, 22, 23, 27, 29, 32-ਏ, 32-ਡੀ, 35-ਏ, 37-ਏ, 38-ਡੀ, 40-ਸੀ, 41-ਏ, 42-ਬੀ, 46-ਡੀ, 47, 52, 63, ਪੀਪਲੀ ਵਾਲਾ ਟਾਊਨ, ਇੰਦਰਾ ਕਲੋਨੀ, ਬਹਿਲਾਨਾ, ਚਰਨ ਸਿੰਘ ਕਲੋਨੀ ਮੋਲੀ ਜੱਗਰਾਂ, ਵਿਕਾਸ ਨਗਰ ਮੋਲੀ ਜੱਗਰਾਂ ਦੇ ਚੋਣਵੇਂ ਘਰ ਸ਼ਾਮਿਲ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸੈਕਟਰ-15, 19, ਧਨਾਸ, ਹਾਲੋਮਾਜਰਾ ਅਤੇ ਰਾਮ ਦਰਬਾਰ ਦੇ ਘਰਾਂ ਨੂੰ ਕੰਟੇਨਮੈਂਟ ਜ਼ੋਨ ਤੋਂ ਬਾਹਰ ਕਰ ਦਿੱਤਾ ਹੈ। ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਦੱਸਿਆ ਕਿ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸ਼ਹਿਰ ਵਿੱਚ ਕੰਟੇਨਮੈਂਟ ਜ਼ੋਨਾਂ ਦਾ ਐਲਾਨ ਕੀਤਾ ਗਿਆ ਹੈ।