ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 3 ਜੁਲਾਈ
ਅੱਜ ਇਥੇ ਬਿਜਲੀ ਸਪਲਾਈ ਪੂਰਬ ਨਾ ਮਿਲਣ ਦੇ ਰੋਸ ਵਜੋਂ ਕਿਸਾਨਾਂ ਨੇ ਬਡਾਲੀ ਆਲਾ ਸਿੰਘ ਗਰਿੱਡ ਅੱਗੇ ਰੋਹ ਪੂਰਨ ਧਰਨਾ ਦਿੱਤਾ। ਇਸ ਮੌਕੇ ਧਰਨੇ ਵਿੱਚ ਸ਼ਾਮਿਲ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਬੇਸ਼ੱਕ ਸੂਬਾ ਸਰਕਾਰ ਵੱਲੋਂ ਕਿਸਾਨ ਹਿਤੈਸ਼ੀ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲੀਅਤ ਇਹ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਤੋਂ ਦੁਖੀ ਹੋਏ ਕਿਸਾਨਾਂ ਵੱਲੋਂ ਖੇਤਾਂ ’ਚ ਕੰਮ ਛੱਡ ਕੇ ਗਰਿੱਡਾਂ ਅੱਗੇ ਧਰਨੇ ਦੇਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਦਾ ਖਮਿਆਜ਼ਾ ਆਉਂਦੀਆਂ ਚੋਣਾਂ ’ਚ ਸੱਤਾਧਾਰੀ ਪਾਰਟੀ ਨੂੰ ਭਗੁਤਣਾ ਪਵੇਗਾ। ਅੱਜ ਦੇ ਧਰਨੇ ਵਿੱਚ ਮੌਜੂਦ ਕਈ ਕਿਸਾਨਾਂ ਵੱਲੋਂ ਪਾਵਰਕੌਮ ਅਧਿਕਾਰੀਆਂ ’ਤੇ ਵੀ ਦੋਸ਼ ਲਗਾਏ ਗਏ ਕਿ ਉਨ੍ਹਾਂ ਵੱਲੋਂ ਜਾਣਬੁੱਝ ਕੇ ਸੜੇ ਟਰਾਂਸਫਾਰਮਰ ਸਮੇਂ ਸਿਰ ਬਦਲੇ ਨਹੀਂ ਜਾਂਦੇ ਅਤੇ ਕਾਗਜ਼ੀ ਕਾਰਵਾਈ ਦੇ ਨਾਂ ’ਤੇ ਕਈ ਕਈ ਦਿਨ ਕਿਸਾਨਾਂ ਨੂੰ ਦਫਤਰਾਂ ਦੇ ਗੇੜੇ ਮਾਰਨ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ 8 ਘੰਟੇ ਬਿਜਲੀ ਸਪਲਾਈ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਬਿਜਲੀ 4 ਤੋਂ 6 ਘੰਟੇ ਦਿੱਤੀ ਜਾ ਰਹੀ ਹੈ ਜਿਸ ਕਾਰਨ ਮਹਿੰਗੇ ਮੁੱਲ ਦਾ ਡੀਜ਼ਲ ਫੂਕ ਕੇ ਕਿਸਾਨ ਕਰਜ਼ਾਈ ਹੋ ਰਿਹਾ ਹੈ। ਕਿਸਾਨਾਂ ਦਾ ਦੋਸ਼ ਸੀ ਕਿ ਇਹ ਸਭ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਵੱਡੇ ਕਾਰੋਬਾਰੀ ਘਰਾਣਿਆਂ ਨੂੰ ਸੌਂਪਣ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਆਰਥਿਕ ਘਾਟੇ ਦਾ ਸ਼ਿਕਾਰ ਹੋ ਕੇ ਕਿਸਾਨ ਖੇਤੀਬਾੜੀ ਤੋਂ ਤੋਬਾ ਕਰ ਲੈਣ। ਧਰਨਾ ਦੇ ਰਹੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੜੇ ਹੋਏ ਟਰਾਂਸਫਾਰਮਰ ਪਾਵਰਕੌਮ ਵੱਲੋਂ ਤੁਰੰਤ ਨਾ ਬਦਲੇ ਗਏ ਤੇ ਬਣਦੀ 8 ਘੰਟੇ ਸਪਲਾਈ ਨਾ ਦਿੱਤੀ ਗਈ ਤਾਂ ਜਲਦ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ(ਸਿੱਧੂਪੁਰ) ਦੇ ਜ਼ਿਲ੍ਹਾ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਘੇਲ, ਕੁਲਵਿੰਦਰਜੀਤ ਸਿੰਘ ਜੌਲੀ, ਪ੍ਰਕਾਸ਼ ਸਿੰਘ ਬੱਬਲ, ਅਵਤਾਰ ਸਿੰਘ ਡੰਘੇੜੀਆਂ ਪ੍ਰੈੱਸ ਸਕੱਤਰ, ਹਰਬੰਸ ਸਿੰਘ ਈਸਰਹੇਲ ਅਤੇ ਗੁਰਦੀਪ ਸਿੰਘ ਮੁਕਾਰੋਂਪੁਰ ਆਦਿ ਕਿਸਾਨ ਆਗੂ ਵੀ ਹਾਜ਼ਰ ਸਨ।
ਪਾਵਰਕੌਮ ਨੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਗੱਲ ਆਖੀ
ਐਸ.ਏ.ਐਸ. ਨਗਰ (ਮੁਹਾਲੀ)(ਪੱਤਰ ਪ੍ਰੇਰਕ): ਮੁਹਾਲੀ ਸਮੇਤ ਪੰਜਾਬ ਭਰ ਵਿੱਚ ਆਮ ਲੋਕ ਅਤੇ ਸਿਆਸੀ ਪਾਰਟੀਆਂ ਦੇ ਵਰਕਰ ਬਿਜਲੀ ਦੇ ਅਣਐਲਾਨੇ ਕੱਟਾਂ ਖ਼ਿਲਾਫ਼ ਸੜਕਾਂ ’ਤੇ ਉੱਤਰ ਲਾਏ ਹਨ ਅਤੇ ਰੋਜ਼ਾਨਾ ਹੀ ਵੱਡੇ ਪੱਧਰ ’ਤੇ ਪੰਜਾਬ ਸਰਕਾਰ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਗੱਲ ਨੂੰ ਮੰਨਦਿਆਂ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੇ ਸਥਾਨਕ ਬੁਲਾਰੇ ਨੇ ਭਰੋਸਾ ਦਿੱਤਾ ਕਿ ਬਿਜਲੀ ਦੀ ਲਗਾਤਾਰ ਵਧ ਰਹੀ ਮੰਗ ਨਾਲ ਪੀਐਸਪੀਸੀਐਲ ਮੁਹਾਲੀ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਨਿਯਮਿਤ ਕਰਨ ਨਾਲ ਮੁਹਾਲੀ ਡਿਵੀਜ਼ਨ ਅਧੀਨ ਆਉਂਦੇ ਖੇਤਰਾਂ ਵਿੱਚ ਹੁਣ ਬਿਜਲੀ ਦੇ ਅਣਐਲਾਨੇ ਕੱਟ ਨਹੀਂ ਲਗਾਏ ਜਾਣਗੇ।
ਜ਼ੀਰਕਪੁਰ ਕੋਲ ਪੂਰੀ ਬਿਜਲੀ ਹੈ: ਚੀਫ਼ ਇੰਜਨੀਅਰ
ਜ਼ੀਰਕਪੁਰ(ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਵਿੱਚ ਵਧ ਰਹੀ ਬਿਜਲੀ ਦੀ ਕਿੱਲਤ ਦੇ ਮੱਦੇਨਜ਼ਰ ਅੱਜ ਪਾਵਰਕੌਮ ਦੇ ਮੁੱਖ ਇੰਜਨੀਅਰ (ਦੱਖਣ) ਇੰਜ. ਰਵਿੰਦਰ ਸਿੰਘ ਸੈਣੀ ਅਤੇ ਉਪ-ਮੁੱਖ ਇੰਜਨੀਅਰ ਵੰਡ ਹਲਕਾ ਮੁਹਾਲੀ ਇੰਜ. ਮੋਹਿਤ ਸੂਦ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਦੋਵੇਂ ਅਧਿਕਾਰੀਆਂ ਨੇ ਜ਼ੀਰਕਪੁਰ ਪਾਵਰਕੌਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਜ਼ਮੀਨੀ ਹਕੀਕਤ ਸਮਝੀ। ਉਨ੍ਹਾਂ ਬਲਟਾਣਾ, ਲੋਹਗੜ੍ਹ, ਭਬਾਤ, ਬਿਸ਼ਨਪੁਰਾ, ਜਮੁਨਾ ਐਨਕਲੇਵ, ਢਕੋਲੀ, ਪੀਰਮੁਛੱਲਾ, ਪੰਚਸ਼ੀਲ ਐਨਕਲੇਵ ਅਤੇ ਬਾਦਲ ਕਲੋਨੀ ਦਾ ਦੌਰਾ ਕਰ ਕੇ ਮੌਕੇ ’ਤੇ ਅਧਿਕਾਰੀਆਂ ਨੂੰ ਮੁਸ਼ਕਲਾਂ ਤੁਰੰਤ ਹੱਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪਾਵਰਕੌਮ ਸ਼ਹਿਰ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਵਿੱਚ ਸਮਰੱਥ ਹੈ। ਉਨ੍ਹਾਂ ਕਿਹਾ ਕਿ ਲੰਘੇ ਦਿਨਾਂ ਦੌਰਾਨ ਸ਼ਹਿਰ ਵਿੱਚ 10 ਨਵੇਂ ਟਰਾਂਸਫਾਰਮਰਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਹੈ। ਸਰਦੀਆਂ ਵਿੱਚ ਚਾਲੂ ਕੀਤਾ ਗਿਆ 66 ਕੇ.ਵੀ. ਗਰਿੱਡ ਸਬ- ਸਟੇਸ਼ਨ ਹੁਣ ਸ਼ਹਿਰ ਵਾਸੀਆਂ ਨੂੰ ਵੱਡੀ ਸਹੂਲਤ ਦੇ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਛੇਤੀ ਬਲਟਾਣਾ ਖੇਤਰ ਵਿੱਚ 66 ਕੇ.ਵੀ. ਦਾ ਨਵਾਂ ਗਰਿੱਡ ਸਥਾਪਤ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜ਼ੀਰਕਪੁਰ ਕੋਲ ਪੂਰੀ ਬਿਜਲੀ ਹੈ।