ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਨਵੰਬਰ
ਨੈਸ਼ਨਲ ਅਲਿਜੀਬਲ ਕਮ ਐਂਟਰੈਂਸ ਟੈਸਟ (ਨੀਟ) ਦਾ ਨਤੀਜਾ ਅੱਜ ਦੇਰ ਸ਼ਾਮ ਐਲਾਨਿਆ ਗਿਆ। ਇਸ ਵਾਰ ਭਵਨ ਵਿਦਿਆਲਿਆ ਸਕੂਲ ਪੰਚਕੂਲਾ ਦੇ ਸੁਯਾਂਸ਼ ਅਰੋੜਾ ਨੇ ਆਲ ਇੰਡੀਆ ਪੰਜਵਾਂ ਰੈਂਕ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਸ਼ਿਸ਼ੂ ਨਿਕੇਤਨ ਸਕੂਲ ਸੈਕਟਰ-22 ਦੇ ਵਿਦਿਆਰਥੀ ਪਵਿਤ ਸਿੰਘ ਨੇ ਪਹਿਲੇ ਸੌ ਵਿਚ ਥਾਂ ਬਣਾਈ ਹੈ। ਉਸ ਦਾ ਆਲ ਇੰਡੀਆ 23ਵਾਂ ਰੈਂਕ ਆਇਆ ਹੈ। ਨੀਟ ਦੀ ਪ੍ਰੀਖਿਆ 12 ਸਤੰਬਰ ਨੂੰ ਹੋਈ ਸੀ ਤੇ ਇਹ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਕਰਵਾਈ ਗਈ ਸੀ ਜਿਸ ਦੀ ਆਰਜ਼ੀ ਆਂਸਰ ਕੀਅ 15 ਅਕਤੂਬਰ ਨੂੰ ਅਪਲੋਡ ਕੀਤੀ ਗਈ ਸੀ। ਮੈਡੀਕਲ ਵਿਚ ਦਾਖਲਿਆਂ ਲਈ ਜਾਣ ਵਾਲੀ ਪ੍ਰੀਖਿਆ ਵਿਚ ਦੇਸ਼ ਭਰ 16 ਲੱਖ ਦੇ ਕਰੀਬ ਵਿਦਿਆਰਥੀ ਬੈਠੇ ਸਨ। ਇਸ ਵਾਰ ਨੀਟ ਦਾ ਨਤੀਜਾ ਅਦਾਲਤੀ ਘੁੰਮਣਘੇਰੀਆਂ ਕਾਰਨ ਲੇਟ ਐਲਾਨਿਆ ਗਿਆ। ਜ਼ਿਕਰਯੋਗ ਹੈ ਕਿ ਦੋ ਵਿਦਿਆਰਥੀਆਂ ਨੇ ਬੰਬੇ ਹਾਈ ਕੋਰਟ ਵਿਚ ਪਟੀਸ਼ਨ ਪਾਈ ਸੀ ਕਿ ਪ੍ਰੀਖਿਆ ਵਾਲੇ ਦਿਨ ਉਨ੍ਹਾਂ ਦੀਆਂ ਉਤਰ ਪੱਤਰੀਆਂ ਹੋਰਾਂ ਨਾਲ ਰਲਗੱਡ ਹੋ ਗਈਆਂ ਸਨ ਜਿਸ ਕਾਰਨ ਬੰਬੇ ਹਾਈ ਕੋਰਟ ਨੇ ਨੀਟ ਨੂੰ ਇਨ੍ਹਾਂ ਦੋ ਵਿਦਿਆਰਥਣਾਂ ਦੀਆਂ ਦੁਬਾਰਾ ਪ੍ਰੀਖਿਆ ਕਰਵਾਉਣ ਦੇ ਹੁਕਮ ਦਿੱਤੇ ਸਨ ਪਰ ਨੀਟ ਨੇ ਇਸ ਮਾਮਲੇ ਵਿਚ ਸਰਵਉਚ ਅਦਾਲਤ ਦਾ ਰੁਖ਼ ਕੀਤਾ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਦੋ ਵਿਦਿਆਰਥਣਾਂ ਲਈ 16 ਲੱਖ ਵਿਦਿਆਰਥੀਆਂ ਦਾ ਨਤੀਜਾ ਰੋਕਿਆ ਨਹੀਂ ਜਾ ਸਕਦਾ। ਇਸ ਵਾਰ ਐਨਟੀਏ ਵਲੋਂ ਨਤੀਜਾ ਪਹਿਲਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਈ-ਮੇਲ ਆਈਡੀ ’ਤੇ ਭੇਜਿਆ ਤੇ ਇਸ ਨੂੰ ਬਾਅਦ ਵਿਚ ਜਾਰੀ ਕੀਤਾ। ਇਸ ਵਾਰ ਨੀਟ ਦੀ ਪ੍ਰੀਖਿਆ ਸ਼ਹਿਰ ਦੇ 13 ਸੈਂਟਰਾਂ ਵਿਚ ਕਰਵਾਈ ਗਈ ਸੀ ਜਿਸ ਵਿਚ ਅੱਠ ਹਜ਼ਾਰ ਦੇ ਕਰੀਬ ਵਿਦਿਆਰਥੀ ਹਾਜ਼ਰ ਹੋਏ। ਆਲ ਇੰਡੀਆ ਪੰਜਵਾਂ ਰੈਂਕ ਹਾਸਲ ਕਰਨ ਵਾਲੇ ਸੁਯਾਂਸ਼ ਅਰੋੜਾ ਦੇ 720 ਵਿਚੋਂ 715 ਅੰਕ ਆਏ ਹਨ। ਉਹ ਸ਼ੁਰੂ ਤੋਂ ਹੀ ਡਾਕਟਰ ਬਣਨਾ ਚਾਹੁੰਦਾ ਸੀ। ਉਸ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਨਤੀਜਾ ਪਤਾ ਲੱਗਾ ਤਾਂ ਉਸ ਦਾ ਸੁਪਨਾ ਪੂਰਾ ਹੋਇਆ। ਉਸ ਦੀ ਭੈਣ ਏਮਜ਼ ਦਿੱਲੀ ਵਿਚ ਪ੍ਰੈਕਟਿਸ ਕਰ ਰਹੀ ਹੈ ਤੇ ਉਹ ਹੀ ਉਸ ਦੀ ਪ੍ਰੇਰਨਾ ਸਰੋਤ ਰਹੀ।
ਉਸ ਦੇ ਮਾਤਾ ਚਾਰਟਰਡ ਅਕਾਊਂਟੈਂਟ ਹਨ। ਸੁਯਾਂਸ਼ ਦਾ ਅਕਾਦਮਿਕ ਰਿਕਾਰਡ ਸ਼ੁਰੂ ਤੋਂ ਹੀ ਵਧੀਆ ਰਿਹਾ ਤੇ ਉਹ ਸੰਗੀਤ ਸੁਣ ਕੇ ਤਣਾਅ ਮੁਕਤ ਹੁੰਦਾ ਆਇਆ ਹੈ। ਦੂਜੇ ਪਾਸੇ 23ਵਾਂ ਰੈਂਕ ਹਾਸਲ ਕਰਨ ਵਾਲਾ ਪਵਿਤ ਸਿੰਘ ਵੀ ਡਾਕਟਰ ਬਣਨਾ ਚਾਹੁੰਦਾ ਸੀ ਕਿਉਂਕਿ ਉਸ ਦੇ ਮਾਪੇ ਵੀ ਡਾਕਟਰ ਹਨ। ਉਸ ਦੇ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਵਿਦਿਆਰਥੀ ਦੀ ਪ੍ਰਾਪਤੀ ’ਤੇ ਮਾਣ ਹੈ।