ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 21 ਮਈ
ਕਿਸ਼ਨਗੜ੍ਹ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਪਿੰਡ ਵਾਸੀਆਂ ਨੇ ਅੱਜ ਟਿਊਬਵੈੱਲ ਦਫ਼ਤਰ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ। ਸਥਾਨਕ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਕਿੱਲਤ ਕਾਰਨ ਹਰ ਰੋਜ਼ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਪਾਣੀ ਦੀ ਸਪਲਾਈ ਹੀ ਨਹੀਂ ਦੇਣੀ ਤਾਂ ਪਿੰਡ ਵਿੱਚ ਟਿਊਬਵੈੱਲ ਲਾਉਣ ਦਾ ਕੀ ਕੰਮ। ਇਸ ਲਈ ਉਨ੍ਹਾਂ ਨੇ ਟਿਊਬਵੈੱਲ ਦਫ਼ਤਰ ਨੂੰ ਤਾਲਾ ਲਗਾ ਦਿੱਤਾ। ਪਿੰਡ ਦੇ ਸਾਬਕਾ ਪੰਚ ਸੋਨੀ ਨੇ ਕਿਹਾ ਕਿ ਪਿੰਡ ਕਿਸ਼ਨਗੜ੍ਹ ਸ਼ਹਿਰ ਦੇ ਸਭ ਤੋਂ ਖੂਬਸੂਰਤ ਸਥਾਨ ਆਈਟੀ ਪਾਰਕ ਦੇ ਕੋਲ ਸਥਿਤ ਹੈ। ਇਸ ਦੇ ਬਾਵਜੂਦ ਪਿੰਡ ਵਾਸੀ ਬੁਨਿਆਦੀ ਸਹੂਲਤਾਂ ਲਈ ਤਰਸਦੇ ਰਹਿੰਦੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲ ਕਿੱਲਤ ਦੀ ਸਮੱਸਿਆ ਨੂੰ ਜਲਦੀ ਹੱਲ ਨਹੀਂ ਕੀਤਾ ਗਿਆ ਤਾਂ ਉਹ ਹੋਰ ਵੱਡੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਗੇ।