ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਟਿਕਰੀ ਬਾਰਡਰ ਮੋਰਚੇ ਵਿੱਚ ਕਿਸਾਨ ਕੇਂਦਰ ਸਰਕਾਰ ਵਿਰੁੱਧ ਲਗਾਤਾਰ ਡਟੇ ਹੋਏ ਹਨ। ਮੋਰਚੇ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਕਿਸਾਨੀ ਘੋਲ ਅੱਜ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਅੱਗੇ ਲੋਕਾਂ ਦੀਆਂ ਬੁਨਿਆਦੀ ਮੰਗਾਂ ਵੱਲ ਵੱਧ ਕੇ ਇਕ ਅਹਿਮ ਪੜਾਅ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਹੱਕ ਸੱਚ ਦੀ ਲੜਾਈ ਲੜਨ ਅਤੇ ਬਰਾਬਰੀ ਦਾ ਦਰਜਾ ਲੈਣ ਲਈ ਸੈਂਕੜੇ ਸਾਲ ਪਹਿਲਾਂ ਰਚੇ ਗੁਰੂ ਸਹਬਿਾਨ, ਕੂਕਾ ਲਹਿਰ, ਬੱਬਰ ਅਕਾਲੀ ਲਹਿਰ, ਗ਼ਦਰੀ ਬਾਬਿਆਂ, ਭਗਤ ਸਰਾਭਿਆਂ ਦੇ ਇਤਿਹਾਸ ਨੂੰ ਪੜ੍ਹਨ ਦੀ ਲੋੜ ਹੈ। ਨੌਜਵਾਨ ਆਗੂ ਬਿੱਟੂ ਮੱਲਣ ਨੇ ਕਿਹਾ ਕਿ ਅਜੋਕਾ ਸਮਾਂ ਮੰਗ ਕਰਦਾ ਹੈ ਕਿ ਨੌਜਵਾਨ ਅੱਗੇ ਆਉਣ ਕਿਉਂਕਿ ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਨੌਜਵਾਨਾਂ ਨੂੰ ਜੋਸ਼ ਦੇ ਨਾਲ ਹੋਸ਼ ਕਾਇਮ ਰੱਖਣ ਲਈ ਚੰਗਾ ਸਾਹਿਤ ਪੜ੍ਹਨ ਦੀ ਜ਼ਰੂਰਤ ਹੈ। ਨਰੋਆ ਸਾਹਿਤ ਪੜ੍ਹਨ ਨਾਲ ਹੀ ਦਿਮਾਗੀ ਚੇਤਨਤਾ ਵਧਦੀ ਹੈ। ਚੇਤਨਤਾ ਵਧਣ ਨਾਲ ਹੀ ਆਪਣਾ ਅਤੇ ਦੇਸ਼ ਦਾ ਭਵਿੱਖ ਬਚਾਉਣ ਦੀ ਚੇਟਕ ਲੱਗਦੀ ਹੈ ਜੋ ਸਮੇਂ ਦੀ ਮੁੱਖ ਲੋੜ ਹੈ।
ਜ਼ਿਕਰਯੋਗ ਹੈ ਕਿ ਮੁਜ਼ੱਫਰਨਗਰ ਮਹਾਪੰਚਾਇਤ ਲਈ ਟਿਕਰੀ ਬਾਰਡਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਕਾਫ਼ਲਾ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ, ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਪਰਮਜੀਤ ਕੌਰ ਕੋਟੜਾ ਤੇ ਪਰਮਜੀਤ ਕੌਰ ਪਿੱਥੋ ਦੀ ਅਗਵਾਈ ਹੇਠ ਸਵੇਰੇ ਚਾਰ ਵਜੇ ਰਵਾਨਾ ਹੋਇਆ। ਕਾਫ਼ਲੇ ਦੀ ਦੇਖ-ਰੇਖ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਤੇ ਸੰਗਰੂਰ ਜ਼ਿਲ੍ਹੇ ਦੇ ਆਗੂ ਦਰਬਾਰਾ ਸਿੰਘ ਛਾਜਲਾ ਨੇ ਕੀਤੀ।
ਫੋਟੋ: ਟਿਕਰੀ ਬਾਰਡਰ ਮੋਰਚੇ ਵਿੱਚ ਨਾਅਰੇਬਾਜ਼ੀ ਕਰਦੀਆਂ ਹੋਈਆਂ ਬੀਬੀਆਂ। -ਫੋਟੋ: ਦਿਓਲ