ਕਰਮਜੀਤ ਸਿੰਘ ਚਿੱਲਾ
ਬਨੂੜ, 2 ਨਵੰਬਰ
ਕਿਸਾਨ ਜਥੇਬੰਦੀਆਂ ਵੱਲੋਂ ਪੰਜ ਨਵੰਬਰ ਨੂੰ ਦਿੱਤੇ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ ਤਹਿਤ ਇੱਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਅਜ਼ੀਜ਼ਪੁਰ ਦੇ ਟੌਲ ਪਲਾਜ਼ੇ ਉੱਤੇ ਦੁਪਹਿਰ ਬਾਰ੍ਹਾਂ ਵਜੇ ਤੋਂ ਪੰਜ ਵਜੇ ਤੱਕ ਜਾਮ ਲਗਾਇਆ ਜਾਵੇਗਾ। ਟੌਲ ਪਲਾਜ਼ੇ ਉੱਤੇ ਕਿਸਾਨ ਜਥੇਬੰਦੀਆਂ ਦਾ ਧਰਨਾ ਅੱਜ 23ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ। ਸਮੁੱਚੇ ਵਾਹਨ ਬਿਨ੍ਹਾਂ ਟੌਲ ਤੋਂ ਲੰਘ ਰਹੇ ਹਨ। ਇੱਥੇ ਲੱਗੇ ਧਰਨੇ ਵਿੱਚ ਅੱਜ ਪੁਆਧੀ ਭਗਤ ਕਲਾਕਾਰ ਸਮਰ ਸਿੰਘ ਸੰਮੀ ਗੀਗੇਮਾਜਰਾ ਨੇ ਅਖਾੜਾ ਲਗਾ ਕੇ ਭਗਤ ਆਸਾ ਰਾਮ ਬੈਦਵਾਣ ਸੋਹਾਣਾ ਦੀ ਗਾਈਆਂ ਰਚਨਾਵਾਂ ਸੁਣਾਈਆਂ। ਉਨ੍ਹਾਂ ਕਿਸਾਨ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਬੈਂਤ ਵੀ ਗਾਏ।
ਅੱਜ ਕਿਸਾਨ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਮਾਨ ਸਿੰਘ ਰਾਜਪੁਰਾ, ਹਰਜੀਤ ਸਿੰਘ ਟਹਿਲਪੁਰਾ, ਜਸਵੰਤ ਸਿੰਘ ਨੰਡਿਆਲੀ, ਛੱਜਾ ਸਿੰਘ ਸਰਪੰਚ ਕੁਰੜੀ, ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਕੁਲਦੀਪ ਸਿੰਘ ਕੁਰੜੀ, ਪ੍ਰੇਮ ਸਿੰਘ ਸਾਬਕਾ ਫੌਜੀ ਨੇ ਆਖਿਆ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਤੋਂ ਬਾਅਦ ਵੀ ਕਿਸਾਨ ਮਾਰੂ ਕਾਨੂੰਨ ਬਣਾ ਰਹੀ ਹੈ, ਜਿਸ ਅਧੀਨ ਪਰਾਲੀ ਸਾੜਨ ਸਬੰਧੀ ਆਰਡੀਨੈਂਸ ਅਤੇ ਕਿਸਾਨੀ ਵਸਤਾਂ ਉੱਤੇ ਲਏ ਲੋਨ ਦੇ ਵਿਆਜ ਤੇ ਵਿਆਜ ਮੁਆਫ਼ ਨਾ ਕੀਤੇ ਜਾਣਾ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਪੰਜ ਨਵੰਬਰ ਦਾ ਸਮੁੱਚਾ ਦੇਸ਼ ਵਿੱਚ ਇਤਿਹਾਸਕ ਜਾਮ ਲੱਗੇਗਾ ਅਤੇ ਪੰਜਾਬ ਵਿੱਚ ਕਿਸਾਨ ਅਤੇ ਹੋਰ ਵਰਗ ਥਾਂ-ਥਾਂ ਜਾਮ ਲਾਉਣਗੇ। ਇਸ ਮੌਕੇ ਧਰਨਾਕਾਰੀਆਂ ਨੇ ਕੇਂਦਰ ਸਰਕਾਰ ਨਾਅਰੇਬਾਜ਼ੀ ਵੀ ਕੀਤੀ।
ਇਸੇ ਤਰਾਂ ਬਨੂੜ-ਰਾਜਪੁਰਾ ਮਾਰਗ ਤੇ ਜਲਾਲਪੁਰ ਦੇ ਰਿਲਾਇੰਸ ਪੰਪ ਉੱਤੇ ਚੱਲ ਰਿਹਾ ਧਰਨਾ ਅੱਜ 21ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਕਾਰਨ ਪੈਟਰੋਲ ਪੰਪ ਬੰਦ ਪਿਆ ਹੈ।