ਜਗਮੋਹਨ ਸਿੰਘ
ਘਨੌਲੀ, 2 ਜਨਵਰੀ
ਕਿਰਤੀ ਕਿਸਾਨ ਮੋਰਚਾ ਰੂਪਨਗਰ ਨੇ ਜ਼ਿਲ੍ਹੇ ਅੰਦਰ ਰੇਤਾ ਬਜਰੀ ਲੈਣ ਆਉਂਦੇ ਵਾਹਨਾਂ ਨੂੰ ਘੇਰ ਕੇ ਰਾਇਲਿਟੀ ਦੇ ਨਾਮ ’ਤੇ ਗੁੰਡਾ ਪਰਚੀ ਮੰਗਣ ਵਾਲੇ ਵਿਅਕਤੀਆਂ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ। ਅੱਜ ਬਾਅਦ ਦੁਪਹਿਰ ਪੁਲੀਸ ਚੌਕੀ ਭਰਤਗੜ੍ਹ ਦੇ ਬਾਹਰ ਕਿਰਤੀ ਕਿਸਾਨ ਮੋਰਚਾ ਜਥੇਬੰਦੀ ਦੇ ਬਲਾਕ ਨੂਰਪੁਰ ਬੇਦੀ ਦੇ ਪ੍ਰਧਾਨ ਵੀਰ ਸਿੰਘ ਬੜਵਾ ਅਤੇ ਹੋਰ ਆਗੂਆਂ ਹਰਪ੍ਰੀਤ ਸਿੰਘ ਭੱਟੋਂ, ਜਸਪਾਲ ਸਿੰਘ, ਕਰਨੈਲ ਸਿੰਘ, ਗੋਗਾ ਸ਼ਾਹਪੁਰ, ਦਵਿੰਦਰ ਸਰਥਲੀ , ਪਿਰਥੀ ਸਿੰਘ, ਬਲਜਿੰਦਰ ਸਿੰਘ, ਗੁਰਮਿੰਦਰ ਸਿੰਘ ਅਤੇ ਮੋਹਨ ਸਿੰਘ ਆਦਿ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਸਸਤਾ ਰੇਤਾ ਤੇ ਹੋਰ ਸਮੱਗਰੀ ਛੋਟ ਦਾ ਲਾਭ ਆਮ ਲੋਕਾਂ ਦੀ ਥਾਂ ਖਣਨ ਠੇਕੇਦਾਰਾਂ ਨੂੰ ਮਿਲਣ ਲੱਗਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਖਣਨ ਠੇਕੇਦਾਰ ਆਸਪੁਰ ਕੋਟਬਾਲਾ ਸਮੇਤ ਹੋਰ ਮੰਨਜ਼ੂਰਸ਼ੁਦਾਂ ਖੱਡਾਂ ਤੇ ਖੱਡਾਂ ਵਿੱਚ ਬੈਠ ਕੇ ਸਰਕਾਰੀ ਰੇਟਾਂ ਅਨੁਸਾਰ ਗਰੈਵਰ ਤੇ ਰੇਤਾ ਨਹੀਂ ਦੇ ਰਹੇ ਤੇ ਉਨ੍ਹਾਂ ਦੇ ਕਰਿੰਦੇ ਕਰੱਸ਼ਰਾਂ ਤੋਂ ਤਿਆਰ ਮਾਲ ਲੈਣ ਆਉਂਦੇ ਵਾਹਨਾਂ ਨੂੰ ਘੇਰ ਕੇ ਰਾਇਲਿਟੀ ਦੇ ਨਾਮ ਤੇ ਗੁੰਡਾ ਟੈਕਸ ਮੰਗਦੇ ਹਨ ਅਤੇ ਜੇਕਰ ਕੋਈ ਗੁੰਡਾ ਪਰਚੀ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਕਰਿੰਦਿਆਂ ਵੱਲੋਂ ਵਾਹਨ ਚਾਲਕਾਂ ਨਾਲ ਲੜਾਈ ਝਗੜਾ ਤੇ ਕਥਿਤ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਸ ਸਬੰਧੀ ਪੁਲੀਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਕੋਈ ਵੀ ਪ੍ਰਾਈਵੇਟ ਵਿਅਕਤੀ ਸੜਕ ਤੇ ਜਾਂਦੇ ਵਾਹਨ ਨੂੰ ਘੇਰ ਕੇ ਕਥਿਤ ਗੁੰਡਾ ਪਰਚੀ ਨਹੀਂ ਵਸੂਲ ਸਕਦਾ, ਜਿਸ ਕਰਕੇ ਉਨ੍ਹਾਂ ਦੀ ਜਥੇਬੰਦੀ ਹੁਣ ਜ਼ਿਲ੍ਹੇ ਅੰਦਰ ਕਿਸੇ ਵੀ ਵਿਅਕਤੀ ਨੂੰ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਕੇ ਗੁੰਡਾ ਟੈਕਸ ਉਗਰਾਹੁਣ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅੱਜ ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਗੈਰ ਕਾਨੂੰਨੀ ਤੌਰ ਤੇ ਬੈਠੇ ਪ੍ਰਾਈਵੇਟ ਵਿਅਕਤੀਆਂ ਨੂੰ ਤੁਰੰਤ ਖਦੇੜਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਉਨ੍ਹਾਂ ਦੀ ਮੰਗ ਤੇ ਗੌਰ ਨਾ ਕੀਤੀ ਤਾਂ ਉਹ ਸੰਘਰਸ਼ ਵਿੱਢਣਗੇ। ਇਸੇ ਤਰ੍ਹਾਂ ਕੁੱਝ ਕਰੱਸ਼ਰ ਮਾਲਕਾਂ ਨੇ ਵੀ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਣ ਲਈ ਆਪਣੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਖਣਨ ਠੇਕੇਦਾਰ ਵੱਲੋਂ ਉਨ੍ਹਾਂ ਤੋਂ ਆਸਪੁਰ ਕੋਟਬਾਲਾ ਡੀ-ਸਿਲਟਿੰਗ ਸਾਈਟ ਤੋਂ ਕੱਚਾ ਮਾਲ ਲੈਣ ਲਈ ਵੀ 3.50 ਰੁਪਏ ਰਾਇਲਿਟੀ ਮੰਗੀ ਜਾ ਰਹੀ ਹੈ ਅਤੇ ਫਿਰ ਉਸੇ ਮਾਲ ਨੂੰ ਕਰੱਸ਼ਰ ਤੇ ਤਿਆਰ ਕਰਨ ਉਪਰੰਤ ਵੇਚਣ ਵੇਲੇ ਪੱਕੇ ਮਾਲ ਤੇ ਵੀ 3.50 ਰੁਪਏ ਰਾਇਲਿਟੀ ਮੰਗੀ ਜਾ ਰਹੀ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਰੱਸ਼ਰਾਂ ਨੂੰ ਸੀਲ ਕਰਨ ਧਮਕੀ ਦਿੱਤੀ ਜਾ ਰਹੀ ਹੈ।
ਖਣਨ ਠੇਕੇਦਾਰ ਨੇ ਦੋਸ਼ ਨਕਾਰੇ
ਇਸ ਸਬੰਧੀ ਜਦੋਂ ਖਣਨ ਠੇਕੇਦਾਰ ਰਾਕੇਸ਼ ਚੌਧਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਆਸਪੁਰ ਕੋਟਬਾਲਾ ਦੀ ਡੀ-ਸਿਲਟਿੰਗ ਸਾਈਟ ਤੇ ਉਹ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਰੇਟ ਅਨੁਸਾਰ 5.50 ਪ੍ਰਤੀ ਸਕੇਅਰ ਫੁੱਟ ਦੇ ਹਿਸਾਬ ਨਾਲ ਨਕਦ ਅਦਾਇਗੀ ਕਰਕੇ ਗਰੈਵਰ ਤੇ ਰੇਤਾ ਲੈ ਸਕਦਾ ਹੈ ਅਤੇ ਉਨ੍ਹਾਂ ਵੱਲੋਂ ਕਰੱਸ਼ਰਾਂ ਨੂੰ ਜਾਂਦੇ ਰਸਤਿਆਂ ਤੇ ਆਪਣੇ ਮੁਲਾਜ਼ਮਾਂ ਨੂੰ ਗੈਰ-ਕਾਨੂੰਨੀ ਖਣਨ ਦੀ ਨਿਗਰਾਨੀ ਰੱਖਣ ਲਈ ਬਿਠਾਇਆ ਗਿਆ ਹੈ। ਇਸ ਸਬੰਧੀ ਸਬੰਧਤ ਵਿਭਾਗ ਦੇ ਐਸ.ਡੀ.ਓ. ਨਵਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਤੇ ਸ਼ਿਕਾਇਤ ਮਿਲਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।