ਆਤਿਸ਼ ਗੁਪਤਾ/ਮੁਕੇਸ਼ ਕੁਮਾਰ
ਚੰਡੀਗੜ੍ਹ, 24 ਦਸੰਬਰ
ਮੁੱਖ ਅੰਸ਼
- ਡੰਪਿੰਗ ਗਰਾਊਂਡ ਨੂੰ ਦੱਸਿਆ ਕਾਂਗਰਸ ਦੀ ਦੇਣ
- ਸਿਆਸੀ ਆਗੂਆਂ ਨੇ ਆਪੋ ਆਪਣੇ ਵਾਰਡਾਂ ਵਿੱਚ ਪਰਿਵਾਰਾਂਂ ਸਮੇਤ ਵੋਟਾਂ ਭੁਗਤਾਈਆਂ
ਨਗਰ ਨਿਗਮ ਚੋਣਾਂ ਲਈ ਸਿਆਸੀ ਆਗੂਆਂ ਨੇ ਆਪੋ ਆਪਣੇ ਵਾਰਡਾਂ ਵਿੱਚ ਬਣਾਏ ਗਏ ਪੋਲਿੰਗ ਬੂਥਾਂ ’ਤੇ ਜਾਕੇ ਵੋਟਾਂ ਪਾਈਆਂ। ਲੰਮੇ ਸਮੇਂ ਤੋਂ ਮੁੰਬਈ ਵਿੱਚ ਇਲਾਜ ਕਰਵਾ ਰਹੀ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਵਿਸ਼ੇਸ਼ ਤੌਰ ’ਤੇ ਨਿਗਮ ਚੋਣਾਂ ਵਿੱਚ ਹਿੱਸਾ ਲੈਣ ਲਈ ਲੰਘੇ ਦਿਨ ਚੰਡੀਗੜ੍ਹ ਪੁੱਜੀ। ਕਿਰਨ ਖੇਰ ਨੇ ਆਪਣੇ ਵਾਰਡ ਨੰਬਰ 2 ਲਈ ਸੈਕਟਰ 7 ਵਿੱਚ ਬਣਾਏ ਗਏ ਪੋਲਿੰਗ ਬੂਥ ’ਤੇ ਜਾ ਕੇ ਵੋਟ ਦਾ ਇਸਤੇਮਾਲ ਕੀਤਾ। ਵੋਟ ਪਾਉਣ ਤੋਂ ਬਾਅਦ ਕਿਰਨ ਖੇਰ ਨੇ ਮੀਡੀਆ ਵਲੋਂ ਸਵੱਛ ਸਰਵੇਖਣ-2021 ਦੀ ਰੈਂਕਿੰਗ ਵਿੱਚ ਚੰਡੀਗੜ੍ਹ ਦੇ ਪਛੜਨ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਮੰਨਿਆ ਕਿ ਕੁਝ ਕਮੀਆਂ ਜ਼ਰੂਰ ਰਹਿ ਗਈਆਂ ਹਨ, ਜਿਸ ਨਾਲ ਸ਼ਹਿਰ ਦੀ ਰੈਂਕਿੰਗ ਡਿੱਗੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਵਾਰ ਸ਼ਹਿਰ ਦੀ ਰੈਂਕਿੰਗ ਡਿੱਗੀ ਹੈ, ਲੇਕਿਨ ਕਾਂਗਰਸ ਦੇ ਸਮੇਂ ਵਿੱਚ ਵੀ ਸਵੱਛਤਾ ਦੇ ਮਾਮਲੇ ਵਿੱਚ ਸ਼ਹਿਰ ਦੀ ਹਾਲਤ ਖ਼ਰਾਬ ਹੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਵੀ ਕਦੇ ਸ਼ਹਿਰ ਦੀ ਰੈਂਕਿੰਗ ਇੱਕ ਨੰਬਰ ’ਤੇ ਨਹੀਂ ਸੀ।
ਨਿਗਮ ਚੋਣਾਂ ਵਿੱਚ ਸਭ ਤੋਂ ਜ਼ਿਆਦਾ ਭਾਰੂ ਰਹਿਣ ਵਾਲੇ ਮੁੱਦੇ ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਬਾਰੇ ਪੁੱਛੇ ਗਏ ਸਵਾਲ ’ਤੇ ਸੰਸਦ ਮੈਂਬਰ ਕਿਰਨ ਖੇਰ ਨੇ ਕਾਂਗਰਸ ਦੇ ਸਿਰ ’ਤੇ ਠੀਕਰਾ ਭੰਨਦਿਆਂ ਕਿਹਾ ਕਿ ਡੰਪਿੰਗ ਗਰਾਊਂਡ ਵਿੱਚ ਬਣੇ ਕੂੜੇ ਦੇ ਪਹਾੜ ਲਈ ਕਾਂਗਰਸ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਡੰਪਿੰਗ ਗਰਾਊਂਡ ਅੱਜ ਕੋਈ ਨਵਾਂ ਨਹੀਂ ਹੈ। ਇਹ ਕਾਂਗਰਸ ਦੇ ਸਮੇਂ ਤੋਂ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਹੀ ਗਾਰਬੇਜ ਪਲਾਂਟ ਸੰਚਾਲਿਤ ਕਰਨ ਵਾਲੀ ਕੰਪਨੀ ਨੂੰ ਲੈ ਕੇ ਆਏ ਸਨ, ਜਿਨ੍ਹਾਂ ਨੇ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਲਈ ਕੁਝ ਨਹੀਂ ਕੀਤਾ। ਦੱਸਣਯੋਗ ਹੈ ਕਿ ਸੰਸਦ ਮੈਂਬਰ ਕਿਰਨ ਖੇਰ ਲੰਬੇ ਸਮੇਂ ਤੋਂ ਹੱਡੀਆਂ ਦੇ ਰੋਗ ਦਾ ਮੁੰਬਈ ਵਿੱਚ ਇਲਾਜ ਕਰਵਾ ਰਹੀ ਸੀ ਅਤੇ ਹੁਣ ਲਗਪਗ ਡੇਢ ਸਾਲ ਤੋਂ ਬਾਅਦ ਉਹ ਚੰਡੀਗੜ੍ਹ ਪੁੱਜੇ ਹਨ। ਅੱਜ ਉਨ੍ਹਾਂ ਨੇ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਉਮੀਦਵਾਰ ਮਹੇਸ਼ ਇੰਦਰ ਸਿੰਘ ਸਿੱਧੂ ਨਾਲ ਸੈਕਟਰ 7 ਵਿਖੇ ਬਣਾਏ ਗਏ ਪੋਲਿੰਗ ਬੂਥ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ।