ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਦਸੰਬਰ
ਸਿਟੀ ਬਿਊਟੀਫੁੱਲ ਦੇ ਨਾਲ ਲਗਦੇ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ ਪੈਣ ਕਰ ਕੇ ਚੰਡੀਗੜ੍ਹ ਵਿੱਚ ਵੀ ਠੰਢ ਵਧ ਗਈ ਹੈ। ਜਿੱਥੇ ਪਹਾੜਾਂ ਵੱਲੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਲੋਕਾਂ ਨੂੰ ਠਾਰ ਰਹੀਆਂ ਹਨ, ਉੱਥੇ ਹੀ ਅੱਜ ਦੁਪਹਿਰ ਸਮੇਂ ਹੋਈ ਕਿਣ-ਮਿਣ ਕਰ ਕੇ ਵੱਧ ਤੋਂ ਵੱਧ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ। ਇਸ ਦੌਰਾਨ ਘੱਟੋ-ਘੱਟ ਤਾਪਮਾਨ ਆਮ ਦੇ ਬਰਾਬਰ ਹੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਪਵੇਗਾ, ਜਿਸ ਕਾਰਨ ਠੰਢ ਹੋਰ ਵਧੇਗੀ।
ਅੱਜ ਚੰਡੀਗੜ੍ਹ ਵਿੱਚ ਸਾਰਾ ਦਿਨ ਧੁੱਪ ਨਾ ਨਿਕਲਣ ਕਾਰਨ ਅਤੇ ਚੱਲ ਰਹੀਆਂ ਠੰਢੀਆਂ ਹਵਾਵਾਂ ਕਰ ਕੇ ਤਾਪਮਾਨ ਲਗਾਤਾਰ ਘਟਦਾ ਜਾ ਰਿਹਾ ਹੈ। ਰਾਤ ਸਮੇਂ ਦਾ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਆਮ ਦੇ ਬਰਾਬਰ ਸੀ। ਇਸੇ ਤਰ੍ਹਾਂ ਦਿਨ ਦਾ ਤਾਪਮਾਨ 16.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜੋ ਕਿ ਆਮ ਨਾਲੋਂ 3 ਡਿਗਰੀ ਸੈਲਸੀਅਸ ਘੱਟ ਹੈ। ਸ਼ਹਿਰ ਵਿੱਚ ਠੰਢ ਵਧਣ ਦੇ ਬਾਵਜੂਦ ਦਿਨ ਭਰ ਲੋਕਾਂ ਦੀ ਸੁਖਨਾ ਝੀਲ, ਬਰਡ ਪਾਰਕ ਅਤੇ ਹੋਰਨਾਂ ਥਾਵਾਂ ’ਤੇ ਭੀੜ ਲੱਗੀ ਰਹੀ ਹੈ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਲਗਾਤਾਰ ਠੰਢ ਵਧਣ ਦੇ ਨਾਲ-ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਉੱਧਰ, ਗਰਮ ਕੱਪੜੇ ਦੀਆਂ ਦੁਕਾਨਾਂ ’ਤੇ ਲੋਕਾਂ ਦੀ ਭੀੜ ਲੱਗਣ ਲੱਗੀ ਹੈ।