ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਗਸਤ
ਇੱਥੋਂ ਦੇ ਸੈਕਟਰ-22 ਵਿੱਚ ਅੱਜ ਸਵੇਰੇ ਕਾਰ ਸਵਾਰ ਚਾਰ ਨੌਜਵਾਨਾਂ ਨੇ ਇਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਨੌਜਵਾਨ ਨੂੰ ਬਚਾਉਣ ਲਈ ਆਏ ਉਸ ਦੇ ਦੋ ਸਾਥੀ ਵੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਸਾਗਰ ਵਾਸੀ ਰਾਮ ਦਰਬਾਰ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਰਾਮ ਦਰਬਾਰ ਦੇ ਰਹਿਣ ਵਾਲੇ ਵਿਸ਼ਾਲ ਅਤੇ ਨਿਤੀਸ਼ ਸ਼ਾਮਲ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪੰਜ ਘੰਟਿਆਂ ਵਿੱਚ ਹੀ ਕੇਸ ਨੂੰ ਸੁਲਝਾਉਂਦੇ ਹੋਏ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੋਨੂੰ ਜੈਸਵਾਲ, ਸੋਨੂੰ ਜੈਸਵਾਲ ਤੇ ਸ਼ਿਤਿਜ ਵਾਸੀਅਨ ਹੱਲੋਮਾਜਰਾ ਅਤੇ ਸੂਰਜ ਵਾਸੀ ਰਾਮ ਦਰਬਾਰ ਵਜੋਂ ਹੋਈ ਹੈ।
ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ 5.30 ਵਜੇ ਦੇ ਕਰੀਬ ਸਾਗਰ ਆਪਣੇ ਸਾਥੀਆਂ ਸਣੇ ਸੈਕਟਰ-17 ਬੱਸ ਅੱਡੇ ਤੋਂ ਸੈਕਟਰ-16 ਕ੍ਰਿਕੇਟ ਸਟੇਡੀਅਮ ਵੱਲ ਜਾ ਰਿਹਾ ਸੀ। ਇਸੇ ਦੌਰਾਨ ਕੁਝ ਨੌਜਵਾਨ ਸੜਕ ’ਤੇ ਗਲਤ ਪਾਸੇ ਤੋਂ ਕਾਰ ਲੈ ਕੇ ਆ ਰਹੇ ਸਨ ਜਿਨ੍ਹਾਂ ਨੇ ਰਾਹ ਦੇਣ ਦੀ ਮੰਗ ਕੀਤੀ। ਇਸੇ ਦੌਰਾਨ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ। ਮੁਲਜ਼ਮਾਂ ਨੇ ਚਾਕੂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਸਾਗਰ ’ਤੇ ਹਮਲਾ ਕਰ ਦਿੱਤਾ। ਵਿਸ਼ਾਲ ਅਤੇ ਨਿਤਿਸ਼ ਉਸ ਨੂੰ ਬਚਾਉਣ ਲਈ ਅੱਗੇ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ ਤੇ ਫ਼ਰਾਰ ਹੋ ਗਏ। ਸਾਗਰ ਦੀ ਛਾਤੀ ਵਿੱਚ ਚਾਕੂ ਲੱਗਿਆ। ਉਸ ਨੂੰ ਪੀਜੀਆਈ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉੱਧਰ ਵਿਸ਼ਾਲ ਅਤੇ ਨਿਤਿਸ਼ ਦਾ ਵੀ ਹਸਪਤਾਲ ਵਿੱਚ ਇਲਾਜ ਕੀਤਾ ਗਿਆ।
ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਇਸ ਮਾਮਲੇ ਸਬੰਧੀ ਬਨੂੜ, ਖਰੜ ਅਤੇ ਰਾਮ ਦਰਬਾਰ ਇਲਾਕੇ ਵਿੱਚ ਛਾਪੇ ਮਾਰੇ। ਪੁਲੀਸ ਨੇ ਪੰਜ ਘੰਟਿਆਂ ਦੀ ਪੜਤਾਲ ਦੌਰਾਨ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸੈਕਟਰ-17 ਦੀ ਪੁਲੀਸ ਦੇ ਹਵਾਲੇ ਕਰ ਦਿੱਤਾ। ਥਾਣਾ ਸੈਕਟਰ-17 ਦੀ ਪੁਲੀਸ ਨੇ ਦੱਸਿਆ ਕਿ ਮੁਲਜ਼ਮ ਮੋਨੂੰ ਆਈਲਸ ਦੀ ਤਿਆਰੀ ਕਰ ਰਿਹਾ ਹੈ। ਸੋਨੂੰ ਕਾਰ ਚਲਾਉਂਦਾ ਹੈ ਅਤੇ ਸੂਰਜ ਕੂਰੀਅਰ ਦਾ ਕੰਮ ਕਰਦਾ ਹੈ।