ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 18 ਜੁਲਾਈ
ਮੁਹਾਲੀ ਇਲਾਕੇ ਵਿੱਚ ਕਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਸੋਹਾਣਾ ਦੇ ਸੁਪਰਸਪੈਸ਼ਲਿਟੀ ਹਸਪਤਾਲ ਦੇ ਕੁਝ ਸਟਾਫਰ ਕਰੋਨਾ ਦੀ ਲਪੇਟ ਵਿੱਚ ਆ ਗਏ ਹਨ ਜਿਸ ਕਾਰਨ ਹਸਪਤਾਲ ਦੇ ਗੇਟ ਮਰੀਜ਼ਾਂ ਲਈ ਬੰਦ ਕਰ ਦਿੱਤੇ ਗਏ ਹਨ। ਮੁਹਾਲੀ ਜ਼ਿਲ੍ਹੇ ਵਿੱਚ ਅੱਜ 21 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਸੋਹਾਣਾ ਹਸਪਤਾਲ ਵਿੱਚ ਕੰਮ ਕਰਦੀਆਂ ਨਰਸਾਂ ਅਤੇ ਹੈਲਪਰ ਸ਼ਾਮਲ ਹਨ। ਇਸ ਤੋਂ ਪਹਿਲਾਂ 15 ਜੁਲਾਈ ਨੂੰ ਇਸੇ ਹਸਪਤਾਲ ਦੀਆਂ 9 ਨਰਸਾਂ ਕਰੋਨਾ ਤੋਂ ਪੀੜਤ ਪਾਈਆਂ ਗਈਆਂ ਸਨ ਜਦੋਂਕਿ ਇਸ ਤੋਂ ਪਹਿਲਾਂ ਇਕ-ਦੋ ਡਾਕਟਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਹਾਲਾਂਕਿ ਬੀਤੀ 15 ਜੁਲਾਈ ਨੂੰ ਸਿਹਤ ਵਿਭਾਗ ਦੀ ਸਿਫ਼ਾਰਸ਼ ’ਤੇ ਮੁਹਾਲੀ ਪ੍ਰਸ਼ਾਸਨ ਨੇ ਓਪੀਡੀ ਬੰਦ ਕਰਕੇ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੂੰ ਹੋਰ ਸੁਰੱਖਿਅਤ ਥਾਵਾ ’ਤੇ ਸ਼ਿਫ਼ਟ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਅੱਜ ਸਿਹਤ ਵਿਭਾਗ ਨੇ ਪੁਲੀਸ ਨੂੰ ਸਪੱਸ਼ਟ ਲਫ਼ਜ਼ਾਂ ਵਿੱਚ ਕਿਹਾ ਹੈ ਕਿ ਪੂਰਾ ਹਸਪਤਾਲ ਕੰਪਲੈਕਸ ਬੰਦ ਕਰਵਾਇਆ ਜਾਵੇ। ਇਸ ਕਾਰਨ ਅੱਜ ਹਸਪਤਾਲ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ।
ਮੁਹਾਲੀ ਜ਼ਿਲ੍ਹਾ: 21 ਹੋਰ ਕੇਸ ਸਾਹਮਣੇ ਆਏ
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਮੁਹਾਲੀ ਤੋਂ 35 ਸਾਲਾਂ ਦਾ ਪੁਰਸ਼, ਇੱਥੋਂ ਦੇ ਸੈਕਟਰ-69 ਦੀਆਂ ਦੋ ਔਰਤਾਂ ਤੇ ਇਕ ਪੁਰਸ਼, ਸੋਹਾਣਾ ਹਸਪਤਾਲ ਦੇ ਸਟਾਫ਼ ਮੈਂਬਰਾਂ ਵਿੱਚੋਂ ਪੰਜ ਔਰਤਾਂ ਅਤੇ ਦੋ ਪੁਰਸ਼, ਏਓਐਮ ਐਨਕਲੇਵ ਮੁਹਾਲੀ ਦਾ ਵਸਨੀਕ, ਸੈਕਟਰ-125 ਸੰਨੀ ਐਨਕਲੇਵ ਦੇ ਦੋ ਪੁਰਸ਼ ਅਤੇ ਦੋ ਔਰਤਾਂ, ਮੋਤੀਆ ਰੇਗਲ ਢਕੌਲੀ ਤੋਂ 52 ਸਾਲਾਂ ਦਾ ਪੁਰਸ਼, ਸੰਨੀ ਐਨਕਲੇਵ ਜ਼ੀਰਕਪੁਰ ਦਾ ਬਿਰਧ ਵਿਅਕਤੀ, ਹਾਈ ਲੈਂਡ ਪਾਰਕ ਜ਼ੀਰਕਪੁਰ ਦੀ ਔਰਤ, ਖਰੜ ਦਾ ਨੌਜਵਾਨ ਤੇ ਪੀਰ ਮੁਛੱਲਾ ਦੇ ਵਸਲੀਕ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸੇ ਦੌਰਾਨ ਮੁਹਾਲੀ ਦੇ ਚਾਰ ਕਰੋਨਾ ਮਰੀਜ਼ਾਂ ਸਮੇਤ ਅੱਠ ਵਿਅਕਤੀਆਂ ਨੇ ਵਾਇਰਸ ਨੂੰ ਮਾਤ ਦਿੱਤੀ ਹੈ। ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 513 ’ਤੇ ਪਹੁੰਚ ਗਈ ਹੈ ਜਿਨ੍ਹਾਂ ’ਚੋਂ 318 ਮਰੀਜ਼ ਠੀਕ ਹੋ ਚੁੱਕੇ ਹਨ ਤੇ ਹੁਣ ਤੱਕ 10 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 185 ਨਵੇਂ ਕੇਸ ਐਕਟਿਵ ਹਨ। ਮੁਹਾਲੀ ਪ੍ਰਸ਼ਾਸਨ ਨੇ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨ ਅਤੇ ਘਰੋਂ ਬਾਹਰ ਜਾਣ ਵੇਲੇ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾ ਦੇ ਪਸਾਰ ਨੂੰ ਠੱਲ੍ਹ ਪਾਈ ਜਾ ਸਕੇ।