ਪੱਤਰ ਪ੍ਰੇਰਕ
ਬਨੂੜ, 21 ਸਤੰਬਰ
ਨਜ਼ਦੀਕੀ ਪਿੰਡ ਸੂਰਜਗੜ੍ਹ ਦੇ ਤਿੰਨ ਦਰਜਨ ਤੋਂ ਵੱਧ ਵਸਨੀਕਾਂ ਨੇ ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਨੂੰ ਲਿਖਤੀ ਦਰਖਾਸਤ ਦੇ ਕੇ ਪਿੰਡ ਦੇ ਸਰਪੰਚ ਉੱਤੇ ਸ਼ਾਮਲਾਤ ਥਾਂ ’ਚੋਂ ਬਿਨਾ ਮਤਾ ਪਾਇਆਂ ਕਿੱਕਰਾਂ ਕਟਾਏ ਜਾਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਸ ਸਬੰਧੀ ਬੀਡੀਪੀਓ ਸ਼ੰਭੂ ਤੇ ਡੀਡੀਪੀਓ ਪਟਿਆਲਾ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਵਿੱਤੀ ਕਮਿਸ਼ਨਰ ਨੇ ਵਿਭਾਗ ਦੇ ਡਾਇਰੈਕਟਰ ਨੂੰ ਮਾਮਲੇ ਦੀ ਪੜਤਾਲ ਕਰਨ ਲਈ ਲਿਖਿਆ ਹੈ। ਪ੍ਰੀਤਮ ਸਿੰਘ, ਬਾਲਕ ਰਾਮ, ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਨਾ ਕੋਈ ਮਤਾ ਪਾਇਆ ਗਿਆ, ਨਾ ਹੀ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਲਈ ਗਈ। ਉਨ੍ਹਾਂ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਸਰਪੰਚ ਖ਼ਿਲਾਫ਼ ਕਾਰਵਾਈ ਮੰਗੀ ਹੈ।
ਸਰਪੰਚ ਦੇ ਪਤੀ ਨੇ ਦੋਸ਼ ਨਕਾਰੇ
ਸਰਪੰਚ ਗੁਰਮੀਤ ਕੌਰ ਦੇ ਪਤੀ ਸੋਮ ਨਾਥ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸ਼ਿਕਾਇਤ ਕਰਨ ਵਾਲੇ ਵਿਰੋਧੀ ਧਿਰ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਨੇ ਕੋਈ ਵੀ ਕਿੱਕਰ ਨਹੀਂ ਕਟਾਈ। ਉਨ੍ਹਾਂ ਕਿਹਾ ਕਿ ਪਿੰਡ ਦੀ ਗੁਰਦੁਆਰਾ ਕਮੇਟੀ ਵੱਲੋਂ ਹੀ ਆਪਣੇ ਤੌਰ ’ਤੇ ਕੁੱਝ ਕਿੱਕਰਾਂ ਕਟਾਈਆਂ ਗਈਆਂ ਹਨ, ਜਿਸ ਦਾ ਪੰਚਾਇਤ ਨਾਲ ਕੋਈ ਸਰੋਕਾਰ ਨਹੀਂ ਹੈ।