ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 29 ਜੂਨ
ਇੱਥੋਂ ਦੇ ਫੇਜ਼-1 ਸਥਿਤ ਮੁਹਾਲੀ ਪਿੰਡ ਦੇ ਬਾਹਰਵਾਰ ਬਣੀ ਖੋਖਾ ਮਾਰਕੀਟ, ਜਿਸ ਨੂੰ ਕੁੱਝ ਦਿਨ ਪਹਿਲਾਂ ਗਮਾਡਾ ਨੇ ਨਾਜਾਇਜ਼ ਕਬਜ਼ਾ ਦੱਸ ਕੇ ਤੋੜ ਦਿੱਤਾ ਸੀ, ਦੇ ਪੀੜਤ ਦੁਕਾਨਦਾਰਾਂ ਅਤੇ ਭਾਜਪਾ ਵਰਕਰਾਂ ਨੇ ਅੱਜ ਭਾਜਪਾ ਆਗੂ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਪੰਜਾਬ ਦੀ ‘ਆਪ’ ਸਰਕਾਰ ਅਤੇ ਗਮਾਡਾ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ।
ਪੀੜਤ ਦੁਕਾਨਦਾਰਾਂ ਨੇ ਕਿਹਾ ਕਿ ਉਹ ਇੱਥੇ ਲਗਪਗ ਪਿਛਲੇ ਚਾਰ ਦਹਾਕੇ ਤੋਂ ਛੋਟਾ ਮੋਟਾ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸਨ ਪਰ ਗਮਾਡਾ ਨੇ ਉਨ੍ਹਾਂ ਦੇ ਘਰਾਂ ਅਤੇ ਖੋਖਿਆਂ ’ਤੇ ਬੁਲਡੋਜ਼ਰ ਚਲਾ ਕੇ ਪੂਰੀ ਮਾਰਕੀਟ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਇਸ ਕਾਰਨ ਉਹ ਬੇਰੁਜ਼ਗਾਰ ਹੋ ਕੇ ਸੜਕਾਂ ’ਤੇ ਅੱਗੇ ਆ ਗਏ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੇ ‘ਆਪ’ ਸਰਕਾਰ ਨੂੰ ਗਰੀਬ ਵਿਰੋਧੀ ਦੱਸਦਿਆਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ, ਉਲਟਾ ਲੰਮੇ ਅਰਸੇ ਤੋਂ ਆਪਣਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਬੇਰੁਜ਼ਗਾਰ ਦੀ ਭੱਠੀ ਵਿੱਚ ਝੋਕ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਬਾਕੀ ਖੋਖਾ ਮਾਰਕੀਟਾਂ ਦੀ ਤਰਜ਼ ’ਤੇ ਖੋਖਾ ਮਾਰਕੀਟ ਫੇਜ਼-1 (ਮੁਹਾਲੀ ਪਿੰਡ) ਦੇ ਪੀੜਤ ਦੁਕਾਨਦਾਰਾਂ ਨੂੰ ਵੀ ਢੁੱਕਵੀਂ ਥਾਂ ’ਤੇ ਵੱਖਰੀ ਜ਼ਮੀਨ ਦਿੱਤੀ ਜਾਵੇ ਤਾਂ ਜੋ ਉਹ ਉੱਥੇ ਖੋਖੇ ਜਾਂ ਬੂਥ ਬਣਾ ਸਕਣ। ਜ਼ਿਕਰਯੋਗ ਹੈ ਕਿ ਪੀੜਤ ਦੁਕਾਨਦਾਰ ਤਿੰਨ ਦਿਨਾਂ ਤੋਂ ਫੇਜ਼-3/5 ਦੇ ਟਰੈਫ਼ਿਕ ਲਾਈਟ ਪੁਆਇੰਟ ’ਤੇ ਸ਼ਾਂਤਮਈ ਧਰਨਾ ਦੇ ਰਹੇ ਹਨ। ਬੁੱਧਵਾਰ ਨੂੰ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੰਜੀਵ ਵਸ਼ਿਸ਼ਟ ਨੇ ਧਰਨੇ ਵਿੱਚ ਪਹੁੰਚ ਕੇ ਪੀੜਤ ਦੁਕਾਨਦਾਰਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।
ਪੀੜਤ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਬਦਲੇ ਦੀ ਨੀਤੀ ਤਹਿਤ ਉਨ੍ਹਾਂ ’ਤੇ ਜ਼ੁਲਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀੜਤ ਦੁਕਾਨਦਾਰਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਲੜੀਵਾਰ ਧਰਨਾ ਜਾਰੀ ਰਹੇਗਾ। ਇਸ ਮੌਕੇ ਭਾਜਪਾ ਆਗੂ ਓਮਾ ਕਾਂਤ ਤਿਵਾੜੀ, ਵਿਵੇਕ ਕ੍ਰਿਸ਼ਨ ਜੋਸ਼ੀ, ਰਮਨ ਸ਼ੈਲੀ, ਟੀਆਰ ਪੁਰੀ ਅਤੇ ਖੋਖਾ ਮਾਰਕੀਟ ਦੇ ਪੀੜਤ ਦੁਕਾਨਦਾਰ ਮੌਜੂਦ ਸਨ। ਇਨ੍ਹਾਂ ਆਗੂਆਂ ਨੇ ਦੁਕਾਨਦਾਰਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਤੇ ਸਰਕਾਰ ਨੂੰ ਬੇਰੁਜ਼ਗਾਰ ਹੋਏ ਦੁਕਾਨਦਾਰਾਂ ਦੀ ਸਮੱਸਿਆ ਹੱਲ ਕਰਨ ਦੀ ਅਪੀਲ ਕੀਤੀ।