ਪੱਤਰ ਪ੍ਰੇਰਕ
ਕੁਰਾਲੀ, 12 ਮਾਰਚ
ਇੱਥੋਂ ਨੇੜਲੇ ਪਿੰਡ ਖਿਜ਼ਰਾਬਾਦ ਵਿਖੇ ਚੱਲ ਰਹੇ ਤਿੰਨ ਰੋਜ਼ਾ ਹੋਲੇ ਮਹੱਲੇ ਦੇ ਅੱਜ ਦੂਜੇ ਦਿਨ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਜ਼ੋਰਾਵਰ ਸਿੰਘ ਅਤੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸਜੇ ਦੀਵਾਨਾਂ ਵਿਚ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਸਿੱਖ ਪੰਥ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਹੋਲੇ-ਮਹੱਲੇ ਸਮਾਗਮ ਦੇ ਦੂਜੇ ਦਿਨ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਲਵਾਈ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵਾਰ ਚਰਨ ਛੋਹ ਪ੍ਰਾਪਤ ਇਸ ਪਿੰਡ ਦੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਅਤੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਵਿਖੇ ਪ੍ਰਬੰਧਕ ਕਮੇਟੀਆਂ ਦੀ ਦੇਖਰੇਖ ਹੇਠ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਦੂਜੇ ਦਿਨ ਮੱਧ ਦੇ ਭੋਗ ਪਾਏ ਗਏ। ਦੀਵਾਨਾਂ ਦੌਰਾਨ ਜਸਵੀਰ ਕੌਰ ਜੱਸ, ਗਿਆਨੀ ਅਵਤਾਰ ਸਿੰਘ, ਚਾਨਣ ਸਿੰਘ ਪਹੂਵਿੰਡ, ਢਾਡੀ ਗਰਜਾ ਸਿੰਘ ਗੜਗੱਜ, ਢਾਡੀ ਮਿਲਖਾ ਸਿੰਘ ਅਤੇ ਹੋਰਨਾਂ ਜਥਿਆਂ ਨੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਸਬੰਧੀ ਵਾਰਾਂ ਅਤੇ ਪ੍ਰਸੰਗ ਸੁਣਾ ਕੇ ਨਿਹਾਲ ਕੀਤਾ।
ਸਮਾਗਮ ਦੇ ਦੂਜੇ ਦਿਨ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਤੇ ਚਰਨਜੀਤ ਸਿੰਘ ਕਾਲੇਵਾਲ, ਸਾਹਿਬ ਸਿੰਘ ਬਡਾਲੀ, ਹਰਜੀਤ ਸਿੰਘ ਹਰਮਨ, ਮੇਜਰ ਸਿੰਘ ਸੰਗਤਪੁਰਾ ਤੋਂ ਇਲਾਵਾ ਵੱਖ ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਹੋਲੇ ਮਹੱਲੇ ਦੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਨੌਜਵਾਨ ਏਕਤਾ ਕਲੱਬ ਅਤੇ ਦੇਸ਼ ਪੰਜਾਬ ਨੌਜਵਾਨ ਸਭਾ ਵਲੋਂ ਇਸ ਦੌਰਾਨ ਦਸਤਾਰਬੰਦੀ ਮੁਕਾਬਲਾ ਕਰਵਾਇਆ ਗਿਆ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਇਸ ਮੁਕਾਬਲੇ ਦੇ 5 ਤੋਂ 14 ਸਾਲ ਵਰਗ ਵਿੱਚ ਅਨਮੋਲਪ੍ਰੀਤ ਸਿੰਘ, ਰਾਜਵੀਰ ਸਿੰਘ ਤੇ ਹਰਜੀਤ ਸਿੰਘ ਅਤੇ 15 ਤੋਂ 22 ਸਾਲ ਉਮਰ ਵਰਗ ਵਿੱਚ ਨਵਜੋਤ ਸਿੰਘ, ਸਿਮਰਨਜੀਤ ਸਿੰਘ ਅਤੇ ਗਗਨਪ੍ਰੀਤ ਸਿੰਘ ਤੇ ਸਤਨਾਮ ਸਿੰਘ (ਸਾਂਝੇ ਤੌਰ ’ਤੇ) ਕ੍ਰਮਵਾਰ ਪਹਿਲੇ, ਦੂਜੇ ਤੇ ਤੀਸਰੇ ਸਥਾਨ ਮੱਲੇ।