ਪੱਤਰ ਪ੍ਰੇਰਕ
ਪੰਚਕੂਲਾ, 30 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੈਕਟਰ-9 ਦੀ ਰੇਹੜੀ ਮਾਰਕੀਟ ਵਿੱਚ ਪੁਨਰਵਾਸ ਯੋਜਨਾ ਦੇ ਤਹਿਤ ਨਵੀਆਂ ਦੁਕਾਨਾਂ ਬਣਾਏ ਜਾਣ ਲਈ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ 8 ਅਲਾਟੀਆਂ ਨੂੰ ਦੁਕਾਨਾਂ ਦੇ ਕਬਜ਼ਾ ਪੱਤਰ ਵੀ ਦਿੱਤੇ। ਮੁੱਖ ਮੰਤਰੀ ਨੇ ਇਸ ਮੌਕੇ ਪੰਚਕੂਲਾ ਦੇ ਸੈਕਟਰ-7, 11, 17 ਰੇਹੜੀ ਮਾਰਕੀਟ ਦੇ ਪੱਕੇ ਬੂਥ ਬਣਾਉਣ ਦਾ ਵੀ ਐਲਾਨ ਕੀਤਾ ਅਤੇ ਹੁੱਡਾ ਅਥਾਰਿਟੀ ਵੱਲੋਂ ਬੂਥ ਬਣਾਏ ਜਾਣ ’ਤੇ ਮਾਰਕੀਟ ਰੇਟ ਵਿੱਚ 25 ਫ਼ੀਸਦ ਛੂਟ ਵੀ ਦਿੱਤੀ ਜਾਵੇਗੀ। ਸ੍ਰੀ ਖੱਟਰ ਨੇ ਕਿਹਾ ਕਿ ਜੇਕਰ ਕੋਈ ਰੇਹੜੀ ਵਾਲਾ ਬੂਥ ਲਵੇਗਾ ਅਤੇ ਉਸ ਬੂਥ ਦੀ ਰਕਮ ਨੂੰ 180 ਦਿਨਾਂ ਵਿੱਚ ਜਮ੍ਹਾਂ ਕਰਵਾਏਗਾ ਤਾਂ ਉਸ ਨੂੰ ਵਿਆਜ ਵਿੱਚ ਪੂਰੀ ਛੂਟ ਮਿਲੇਗੀ। ਕੁਝ ਦਿਨ ਪਹਿਲਾਂ ਸੈਕਟਰ-9 ਦੀ ਰੇਹੜੀ ਮਾਰਕੀਟ ਵਿੱਚ ਅੱਗ ਲੱਗਣ ਕਾਰਨ 125 ਦੁਕਾਨਾਂ ਸੜ ਗਈਆਂ ਸਨ। ਇਸ ਮੌਕੇ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ, ਪ੍ਰਿੰਸੀਪਲ ਸਕੱਤਰ ਡੀ.ਐੱਸ ਢੇਸੀ, ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਆਦਿ ਹਾਜ਼ਰ ਸਨ।