ਪੱਤਰ ਪ੍ਰੇਰਕ
ਕੁਰਾਲੀ, 28 ਅਗਸਤ
ਜੰਗਲਾਤ ਵਿਭਾਗ ਦੀ ਟੀਮ ਨੇ ਖੈਰ ਦੀ ਲੱਕੜ ਭੰਡਾਰ ਕਰਨ ਲਈ ਬਣਾਏ ਬੰਕਰ ਦਾ ਪਰਦਾਫਾਸ਼ ਕੀਤਾ ਹੈ। ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਬਲਾਕ ਮਾਜਰੀ ਦੇ ਪਿੰਡ ਮਾਣਕਪੁਰ ਸ਼ਰੀਫ਼ ਦੇ ਇੱਕ ਫਾਰਮ ਹਾਊਸ ਵਿੱਚ ਬੰਕਰ ਬਣਾ ਕੇ ਜਮ੍ਹਾਂ ਕੀਤੀ ਖੈਰ ਦੀ ਲੱਕੜ ਬਰਾਮਦ ਕੀਤੀ ਹੈ। ਇਸ ਸਬੰਧੀ ਵਿਭਾਗ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਜੰਗਲਾਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮਾਣਕਪੁਰ ਸ਼ਰੀਫ਼ ਦੇ ਇੱਕ ਫਾਰਮ ਹਾਊਸ ’ਤੇ ਛਾਪਾ ਮਾਰਿਆ ਜਿੱਥੇ ਖੈਰ ਦੀ ਲੱਕੜ ਦੀ ਛਿਲਾਈ ਕੀਤੀ ਜਾ ਰਹੀ ਸੀ। ਇਸੇ ਦੌਰਾਨ ਵਿਭਾਗ ਦੀ ਟੀਮ ਨੂੰ ਦੇਖ ਕੇ ਲੱਕੜ ਛਿੱਲਣ ਵਾਲੇ ਮੌਕੇ ਤੋਂ ਫਰਾਰ ਹੋ ਗਏ। ਇਸੇ ਸਬੰਧੀ ਵਣ ਰੇਂਜ ਅਫਸਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਟੀਮ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਕੀਤੀ ਤਾਂ ਲੱਕੜਾਂ ਦੇ ਢੇਰ ਹੇਠਾਂ ਇੱਕ ਕਾਫੀ ਵੱਡੇ ਅਕਾਰ ਦਾ ਬੰਕਰ ਬਣਾਇਆ ਹੋਇਆ ਸੀ ਜੋ ਕਿ ਲੱਕੜ ਨਾਲ ਭਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਬੰਕਰ ਵਿਚੋਂ ਖੈਰੀ ਦੀ ਕਰੀਬ 20 ਕੁਇੰਟਲ ਲੱਕੜ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇੱਕ ਲੱਕੜ ਦੀ ਕੀਮਤ ਲੱਖਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਲੱਕੜ ਕਿੱਥੋਂ ਆਈ ਅਤੇ ਕਿਸ ਵਲੋਂ ਇਹ ਗੋਰਖ ਧੰਦਾ ਚਲਾਇਆ ਜਾ ਰਿਹਾ ਹੈ ਇਸ ਸਬੰਧੀ ਜਾਂਚ ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।