ਟ੍ਰਬਿਿਉਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਨਵੰਬਰ
ਆਪਣੇ ਪਤੀ ਦੀ ਲੰਬੀ ਉਮਰ ਲਈ ਬੁੜੈਲ ਜੇਲ੍ਹ ’ਚ ਬੰਦ ਔਰਤਾਂ ਨੇ ਵੀ ਵਰਤ ਰੱਖਿਆ ਅਤੇ ਪੂਜਾ ਕੀਤੀ। ਵਧੀਕ ਆਈਜੀ ਜੇਲ੍ਹਾਂ ਵਿਰਾਟ ਨੇ ਦੱਸਿਆ ਕਿ ਔਰਤਾਂ ਨੇ ਦੇਰ ਸ਼ਾਮ ਵੀਡੀਓ ਕਾਲ ਰਾਹੀਂ ਪਤੀ ਦੇ ਦੀਦਾਰ ਕਰ ਕੇ ਵਰਤ ਖੋਲ੍ਹਿਆ। ਜੇਲ੍ਹ ਪ੍ਰਸ਼ਾਸਨ ਅਨੁਸਾਰ ਪਹਿਲਾਂ ਪਤੀ ਨੂੰ ਕਰਵਾਚੌਥ ਵਾਲੇ ਦਿਨ ਜੇਲ੍ਹ ਵਿੱਚ ਆਉਣ ਦੀ ਪ੍ਰਵਾਨਗੀ ਦੇ ਦਿੱਤੀ ਜਾਂਦੀ ਸੀ ਪਰ ਇਸ ਵਾਰ ਕਰੋਨਾਵਾਇਰਸ ਕਰ ਕੇ ਵੀਡੀਓ ਕਾਲ ਰਾਹੀਂ ਹੀ ਪਤੀ ਦੇ ਦੀਦਾਰ ਕਰਵਾਏ ਗਏ ਹਨ। ਜੇਲ੍ਹ ’ਚ ਬੰਦ ਔਰਤਾਂ ਨੇ ਦਿਨ ਭਰ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਿਆ ਅਤੇ ਦੇਰ ਸ਼ਾਮ ਪੂਜਾ ਕਰ ਕੇ ਵਰਤ ਖੋਲ੍ਹਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੁੜੈਲ ਜੇਲ੍ਹ ਵਿੱਚ 40 ਦੇ ਕਰੀਬ ਔਰਤ ਬੰਦੀ ਹਨ।
ਸ੍ਰੀ ਵਿਰਾਟ ਨੇ ਦੱਸਿਆ ਕਿ ਕਰਵਾ ਚੌਥ ’ਤੇ ਔਰਤਾਂ ਲਈ ਲੋੜੀਂਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਕਰੋਨਾਵਾਇਰਸ ਕਰ ਕੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਵੀਡੀਓ ਕਾਲ ਰਾਹੀਂ ਔਰਤ ਬੰਦੀਆਂ ਨੂੰ ਪਤੀ ਦੇ ਦੀਦਾਰ ਕਰਵਾਏ ਗਏ ਹਨ।
ਸੀਯੂ ਵਿਚ ਲੱਗੀਆਂ ਰੌਣਕਾਂ
ਖਰੜ (ਪੱਤਰ ਪ੍ਰੇਰਕ): ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਚ ਕਰਵਾਚੌਥ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ’ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਟੀਚਿੰਗ ਅਤੇ ਨਾਨ-ਟੀਚਿੰਗ ਮਹਿਲਾ ਸਟਾਫ ਨੇ ਸ਼ਿਰਕਤ ਕੀਤੀ ਅਤੇ ਵੱਖ-ਵੱਖ ਗਤੀਵਿਧੀਆਂ ’ਚ ਭਾਗ ਲਿਆ।
ਤਿੰਨ ਰਾਊਂਡਾਂ ’ਚ ਵੰਡੇ ਮੁਕਾਬਲਿਆਂ ਦੌਰਾਨ ਮਹਿਲਾ ਸਟਾਫ਼ ਨੇ ਗਿੱਧਾ, ਭੰਗੜਾ, ਗਾਇਨ ਮੁਕਾਬਲੇ, ਡਾਂਸਿੰਗ, ਫੈਸ਼ਨ ਸ਼ੋਅ, ਰੈਂਪ ਵਾੱਕ ਆਦਿ ਮੁਕਾਬਲਿਆਂ ’ਚ ਹਿੱਸਾ ਲਿਆ। ‘ਮਿਸ ਕਰਵਾਚੌਥ’ ਦਾ ਖਿਤਾਬ ਨਵਦੀਪ ਕੌਰ ਨੇ ਜਿੱਤਿਆ ਅਤੇ ਰਨਰਅੱਪ ਦੀ ਪੁਜੀਸ਼ਨ ਡਾ. ਜਸਪ੍ਰੀਤ ਕੌਰ ਨੇ ਹਾਸਲ ਕੀਤੀ।