ਪੱਤਰ ਪ੍ਰੇਰਕ
ਪੰਚਕੂਲਾ, 26 ਜੁਲਾਈ
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਅੱਜ ਕਾਰਗਿਲ ਵਿੱਚ ਸ਼ਹੀਦ ਹੋਏ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਸ਼ਹੀਦੀ ਸਮਾਰਕ ਸੈਕਟਰ-12 ਵਿੱਚ ਸ਼ਰਧਾਂਜਲੀ ਭੇਟ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ ਅਤੇ ਡਿਪਟੀ ਕਮਿਸ਼ਨਰ ਆਫ਼ ਪੁਲੀਸ ਸੁਰਿੰਦਰਪਾਲ ਸਿੰਘ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਨੰਗਲ (ਨਿੱਜੀ ਪੱਤਰ ਪ੍ਰੇਰਕ): ਅੱਜ ਕਰਗਿੱਲ ਵਿਜੈ ਦਿਵਸ ਨੂੰ ਲੈ ਕੇ ਸ਼ਹੀਦ ਕੈਪਟਨ ਅਮੋਲ ਕਾਲੀਆ ਮੈਮੋਰੀਅਲ ਸੁਸਾਇਟੀ ਵੱਲੋਂ ਸਥਾਨਕ ਸ਼ਿਵਾਲਿਕ ਐਵੇਨਿਊ ਪਾਰਕ ਨਵਾਂ ਨੰਗਲ ਕਰਵਾਏ ਗਏ ਸਾਦੇ ਸਮਾਗਮ ਦੌਰਾਨ ਊਨਾ ਹਿਮਾਚਲ ਪ੍ਰਦੇਸ਼ ਤੋਂ ਆਏ ਹੋਏ ਐੱਨਸੀਸੀ ਦੇ ਕੈਡਿਟਾਂ ਨੇ ਸਲਾਮੀ ਦਿੱਤੀ ਅਤੇ ਇਲਾਕੇ ਦੇ ਮੋਹਤਵਰਾਂ ਨੇ ਕਾਰਗਿਲ ਸ਼ਹੀਦ ਕੈਪਟਨ ਅਮੋਲ ਕਾਲੀਆ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਸ਼ਹੀਦ ਕੈਪਟਨ ਅਮੋਲ ਕਾਲੀਆ ਦੇ ਬੁੱਤ ’ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ ਤੇ ਆਪਸੀ ਭਾਈਚਾਰੇ ਤੇ ਕੌਮੀ ਏਕਤਾ ਦਾ ਸਦੇਸ਼ ਫੈਲਾਉਣ ਦਾ ਪ੍ਰਣ ਲਿਆ।
ਅਮਲੋਹ (ਪੱਤਰ ਪ੍ਰੇਰਕ): ਕਾਰਗਿਲ ਵਿਜੈ ਦਿਵਸ ਦੀ 23ਵੀਂ ਵਰ੍ਹੇਗੰਢ ਨੂੰ ਮੁੱਖ ਰੱਖ ਕੇ ਕਾਰਗਿਲ ਦੇ ਸ਼ਹੀਦ ਗੁਰਬਖਸ ਸਿੰਘ ਲਾਡੀ ਦੇ ਜੱਦੀ ਪਿੰਡ ਭੱਦਲਥੂਹਾ ਵਿੱਚ ਜੀਓਜੀ ਟੀਮ ਅਮਲੋਹ ਵੱਲੋਂ ਜ਼ਿਲ੍ਹਾ ਇੰਚਾਰਜ ਕਰਨਲ ਅਮਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਇੱਕ ਸਮਾਗਮ ਕੀਤਾ ਗਿਆ, ਜਿਸ ਵਿੱਚ ਤਹਿਸੀਲਦਾਰ ਅਮਲੋਹ ਅੰਕਿਤਾ ਅਗਰਵਾਲ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਮਾਤਾ ਗੁਜਰੀ ਕਾਲਜ ਦੇ ਐੱਨਸੀਸੀ ਯੂਨਿਟ ਨੇ ਵਿਜੈ ਦਿਵਸ ਮਨਾਇਆ
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਐੱਨਸੀਸੀ ਯੂਨਿਟ 23 ਪੀਬੀਬੀਐੱਨ ਐੱਨਸੀਸੀ ਰੋਪੜ ਗਰੁੱਪ ਹੈਡਕੁਆਰਟਰ ਪਟਿਆਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਸ਼ਸ਼ੀ ਭੂਸ਼ਣ ਰਾਣਾ, ਪ੍ਰਸ਼ਾਸਨਿਕ ਅਫ਼ਸਰ ਕਰਨਲ ਲਕਸ਼ਮੀ ਕਾਂਤ ਅਗਰਵਾਲ ਅਤੇ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਲਜ ਵਿੱਚ ਕਾਰਗਿਲ ਵਿਜੈ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਕਾਲਜ ਦੇ ਲਗਭਗ 60 ਐਨ.ਸੀ.ਸੀ ਕੈਡਿਟਾਂ ਦੁਆਰਾ ਹਿੱਸਾ ਲਿਆ ਗਿਆ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਦੇਸ਼ ਦਾ ਵਿਕਾਸ, ਦੇਸ਼ ਦਾ ਭਵਿੱਖ ਅਤੇ ਦੇਸ਼ ਦੀ ਸੁਰੱਖਿਆ ਨੌਜਵਾਨਾਂ ਦੇ ਹੱਥਾਂ ਵਿੱਚ ਹੈ। ਇਸ ਮੌਕੇ ਕੈਡਿਟਾਂ ਦੁਆਰਾ ਦੇਸ਼ ਦੇ ਸੂਰਬੀਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੋਸਟਰ ਮੇਕਿੰਗ, ਵੀਡੀਓ ਮੇਕਿੰਗ, ਭਾਸ਼ਣ ਅਤੇ ਕਵਿਤਾ ਉਚਾਰਨ ਮੁਕਾਬਲਿਆਂ ਵਿਚ ਹਿੱਸਾ ਲਿਆ।