ਖੇਤਰੀ ਪ੍ਰਤੀਨਿਧ
ਬਨੂੜ, 9 ਦਸੰਬਰ
ਰਾਜਪੁਰਾ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਬਨੂੜ ਖੇਤਰ ਦੀਆਂ ਸੜਕਾਂ ਦੇ ਨਵੀਨੀਕਰਨ ਦੀ ਵਿੱਢੀ ਗਈ ਮੁਹਿੰਮ ਅਧੀਨ ਅੱਧੀ ਦਰਜਨ ਸੜਕਾਂ ਨੂੰ ਅਠਾਰਾਂ ਫੁੱਟ ਚੌੜਾ ਕਰਨ ਅਤੇ ਕਈ ਪਿੰਡਾਂ ਦੀਆਂ ਕੱਚੀਆਂ ਪਹੀਆਂ ਉੱਤੇ ਪੱਕੀਆਂ ਸੜਕਾਂ ਬਣਾਉਣ ਦੇ ਨੀਂਹ ਪੱਥਰ ਰੱਖੇ ਹਨ। ਉਨ੍ਹਾਂ ਬਨੂੜ-ਖਾਨਪੁਰ ਖੱਦਰ ਸੜਕ ਤੋਂ ਸਤੀਆਂ ਤੱਕ, ਮਨੌਲੀ ਸੂਰਤ ਤੋਂ ਰਾਜੋਮਾਜਰਾ ਤੱਕ, ਪਿੰਡ ਝੱਜੋਂ ਤੋਂ ਜੰਡ ਵਾਲਾ ਪੀਰ ਤੱਕ, ਪਿੰਡ ਕਲੌਲੀ ਤੋਂ ਮੋਟੇਮਾਜਰਾ ਤੱਕ ਨਵੀਆਂ ਬਣਨ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ। ਇਸੇ ਤਰਾਂ ਬਨੂੜ-ਤੇਪਲਾ ਕੌਮੀ ਮਾਰਗ ਤੋਂ ਪਿੰਡ ਖਲੌਰ ਤੱਕ, ਬਨੂੜ-ਰਾਜੋਮਾਜਰਾ ਕੌਮੀ ਮਾਰਗ ਤੋਂ ਕਾਲੋਮਾਜਰਾ ਤੱਕ, ਇਸੇ ਮਾਰਗ ਤੋਂ ਪਿੰਡ ਜਲਾਲਪੁਰ ਤੱਕ, ਪਿੰਡ ਹੁਲਕਾ ਦੀ ਫਿਰਨੀ ਦਾ ਨੀਂਹ ਪੱਥਰ ਰੱਖਿਆ। ਸ੍ਰੀ ਕੰਬੋਜ ਨੇ ਦਾਅਵਾ ਕੀਤਾ ਕਿ ਬਨੂੜ ਖੇਤਰ ਦੀਆਂ ਸਮੁੱਚੀਆਂ ਸੜਕਾਂ ਦਸ ਫੁੱਟ ਤੋਂ ਅਠਾਰਾਂ ਫੁੱਟ ਚੌੜੀਆਂ ਹੋ ਗਈਆਂ ਹਨ ਅਤੇ ਇਸ ਖੇਤਰ ਵਿੱਚ ਤਿੰਨ ਨਵੇਂ ਪੁਲ ਬਣਾਏ ਗਏ ਹਨ। ਇਸ ਮੌਕੇ ਪੰਚਾਇਤਾਂ ਵੱਲੋਂ ਵਿਧਾਇਕ ਦਾ ਸਨਮਾਨ ਵੀ ਕੀਤਾ ਗਿਆ।