ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 21 ਨਵੰਬਰ
ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਸਨੇਟਾ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ 20ਵਾਂ ਕਬੱਡੀ ਕੱਪ ਅੱਜ ਆਰੰਭ ਹੋ ਗਿਆ। ਕਬੱਡੀ ਕੱਪ ਦਾ ਉਦਘਾਟਨ ਪਿੰਡ ਦੇ ਸਰਪੰਚ ਚੌਧਰੀ ਭਗਤ ਰਾਮ ਅਤੇ ਸਾਬਕਾ ਸਰਪੰਚ ਚੌਧਰੀ ਰਿਸ਼ੀ ਪਾਲ ਨੇ ਸਾਂਝੇ ਤੌਰ ਕੀਤਾ। ਪੰਚਾਇਤ ਵੱਲੋਂ ਕਬੱਡੀ ਕੱਪ ਦੇ ਪ੍ਰਬੰਧਕਾਂ ਨੂੰ ਇੱਕ ਲੱਖ ਅਤੇ ਚੌਧਰੀ ਰਿਸ਼ੀ ਪਾਲ ਵੱਲੋਂ 51 ਹਜ਼ਾਰ ਦੀ ਮਾਇਕ ਮਦਦ ਭੇਟ ਕੀਤੀ ਗਈ। ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਜ਼ੈਲੀ ਤੇ ਮੀਤ ਪ੍ਰਧਾਨ ਹਰਮਨ ਵਿਰਕ ਆਦਿ ਦੀ ਦੇਖ-ਰੇਖ ਹੇਠ ਕਰਾਏ ਜਾ ਰਹੇ ਦੋ ਦਿਨਾਂ ਟੂਰਨਾਮੈਂਟ ਵਿੱਚ ਅੱਜ 37 ਕਿਲੋ, 52 ਕਿਲੋ ਅਤੇ 65 ਕਿਲੋ ਵਰਗ ਭਾਰ ਦੇ ਮੁਕਾਬਲੇ ਕਰਾਏ ਗਏ। ਕਬੱਡੀ ਦੇ 37 ਕਿਲੋ ਵਰਗ ਭਾਰ ਵਿੱਚ ਬੁਰਜ ਅਲੀ ਦੀ ਟੀਮ ਪਹਿਲੇ ਅਤੇ ਸਨੇਟਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਕਬੱਡੀ ਕੱਪ ਦੇ ਪ੍ਰਬੰਧਕਾਂ ਨੇ ਦੱਸਿਆ ਕਿ 22 ਨਵੰਬਰ ਨੂੰ ਇੱਕ ਪਿੰਡ ਓਪਨ(ਤਿੰਨ ਖਿਡਾਰੀ ਬਾਹਰਲੇ) ਦੇ ਮੈਚ ਹੋਣਗੇ। ਜੇਤੂ ਟੀਮ ਨੂੰ 71 ਹਜ਼ਾਰ ਦਾ ਪਹਿਲਾ ਅਤੇ 51 ਹਜ਼ਾਰ ਦਾ ਦੂਜਾ ਇਨਾਮ ਦਿੱਤਾ ਜਾਵੇਗਾ।
ਭਾਗੂ ਮਾਜਰਾ ਵਿੱਚ ਬਾਸਕਟਬਾਲ ਮੁਕਾਬਲੇ
ਖਰੜ (ਪੱਤਰ ਪ੍ਰੇਰਕ): ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੇ ਅੰਤਰ-ਕਾਲਜ ਬਾਸਕਟਬਾਲ ਮੁਕਾਬਲੇ ਸ਼ਹੀਦ ਕਾਂਸ਼ੀ ਰਾਮ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਭਾਗੂ ਮਾਜਰਾ ਦੇ ਖੇਡ ਮੈਦਾਨ ’ਚ ਹੋਏ। ਇਨ੍ਹਾਂ ਮੁਕਾਬਲਿਆਂ ਦੇ ਉਦਘਾਟਨੀ ਸਮਾਗਮ ਵਿੱਚ ਗੁਰੂ ਗ੍ਰੰਥ-ਸਾਹਿਬ ਯੂਨੀਵਰਸਿਟ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ ਘੁੰਮਣ ਮੁੱਖ ਮਹਿਮਾਨ ਵਜੋਂ ਪੁੱਜੇ। ਕਾਲਜ ਪ੍ਰਿੰਸੀਪਲ ਡਾ. ਦਲਬਾਰਾ ਸਿੰਘ ਧਾਲੀਵਾਲ ਨੇ ਸਵਾਗਤੀ ਸ਼ਬਦ ਕਹੇ। ਕਾਲਜ ਮੈਨੇਜਮੈਂਟ ਵੱਲੋਂ ਹਰਬੰਸ ਸਿੰਘ (ਟਰੱਸਟੀ), ਡਾ. ਸੁਰਜੀਤ ਸਿੰਘ, ਮੇਜਰ ਡਾ. ਸਤਪਾਲ ਕੌਰ ਕਲਸੀ, ਪ੍ਰੋ. ਨੀਨਾ ਰਾਣੀ ਮੌਜੂਦ ਸਨ। ਕੁੜੀਆਂ ਦੇ ਮੁਕਾਬਲੇ ਵਿੱਚ ਖਾਲਸਾ ਕਾਲਜ ਨੇ 25 ਅੰਕਾਂ ਨਾਲ ਅਤੇ ਗੁਰਸੇਵਕ ਸਿੰਘ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ 16 ਅੰਕਾਂ ਨਾਲ ਜੇਤੂ ਰਹੇ। ਮੁੰਡਿਆਂ ਦੇ ਮੈਚ ’ਚ ਗੁਰਸੇਵਕ ਸਿੰਘ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਕਾਲਜ 27 ਅੰਕਾਂ ਨਾਲ ਤੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ 26 ਅੰਕਾਂ ਨਾਲ ਜੇਤੂ ਰਹੇ।
100 ਮੀਟਰ ਦੌੜ ਵਿੱਚ ਰਾਹੁਲ ਅਤੇ ਖੁਸ਼ੀ ਅੱਵਲ
ਕੁਰਾਲੀ (ਪੱਤਰ ਪ੍ਰੇਰਕ): ਪਿੰਡ ਖਿਜ਼ਰਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਥਲੈਟਿਕ ਮੀਟ ਕਰਵਾਈ ਗਈ। ਪ੍ਰਿੰਸੀਪਲ ਇਕਬਾਲ ਕੌਰ ਦੀ ਦੇਖ-ਰੇਖ ਹੇਠ ਕਰਵਾਈ ਗਈ ਐਥਲੈਟਿਕ ਮੀਟ ਦਾ ਉਦਘਾਟਨ ਸਮਾਜ ਸੇਵੀ ਤੇ ਸੀਨੀਅਰ ਯੂਥ ਕਾਂਗਰਸੀ ਆਗੂ ਰਾਣਾ ਕੁਸ਼ਲਪਾਲ ਨੇ ਕੀਤਾ। ਲੜਕਿਆਂ ਦੇ 100 ਮੀਟਰ ਦੌੜ ਮੁਕਾਬਲੇ ਵਿੱਚ ਰਾਹੁਲ ਨੇ ਪਹਿਲਾ ਤੇ ਲੜਕੀਆਂ ਦੀ 100 ਮੀਟਰ ਦੌੜ ਵਿੱਚ ਖੁਸ਼ੀ ਕਪੂਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਨਾਮ ਵੰਡ ਸਮਾਗਮ ਵਿੱਚ ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਹਰਿਆਣਾ ਐਗਰੋ ਦੇ ਡਾਇਰੈਕਟਰ ਸ਼ਿਆਮ ਲਾਲ ਬਾਂਸਲ ਮੁੱਖ ਮਹਿਮਾਨ ਵਜੋਂ ਪੁੱਜੇ।