ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਦਸੰਬਰ
ਦੇਰ ਰਾਤ ਅੰਬਾਲਾ-ਦਿੱਲੀ ਹਾਈਵੇ ’ਤੇ ਮੌਹੜਾ ਪਿੰਡ ਕੋਲ ਇੱਕ ਵਿਅਕਤੀ ਨੇ ਚੱਲਦੀ ਬੱਸ ਵਿੱਚੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਡਰਾਈਵਰ ਨੇ ਕਾਹਲੀ ਨਾ ਬੱਸ ਦੀ ਬਰੇਕ ਮਾਰੀ ਅਤੇ ਪੁਲੀਸ ਨੂੰ 112 ਨੰਬਰ ’ਤੇ ਫ਼ੋਨ ਕੀਤਾ। ਜ਼ਖ਼ਮੀ ਵਿਅਕਤੀ ਨੂੰ ਕੈਂਟ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਸ ਦੀ ਪਛਾਣ ਉਮੇਸ਼ ਵਾਸੀ ਗਾਜੀਪੁਰ (ਬਿਹਾਰ) ਵਜੋਂ ਹੋਈ ਹੈ। ਬੱਸ ਡਰਾਈਵਰ ਅਨੁਸਾਰ ਉਮੇਸ਼ ਨੇ ਅੰਬਾਲਾ ਬੱਸ ਸਟੈਂਡ ਦੀ ਟਿਕਟ ਲਈ ਸੀ। ਬੱਸ ਸਟੈਂਡ ’ਤੇ ਬੱਸ ਕਾਫ਼ੀ ਦੇਰ ਰੁਕੀ ਰਹੀ, ਪਰ ਨੀਂਦ ਵਿੱਚ ਹੋਣ ਕਾਰਨ ਉਹ ਉੱਤਰਨਾ ਭੁੱਲ ਗਿਆ। ਜਦੋਂ ਬੱਸ ਪੰਜ ਕਿਲੋਮੀਟਰ ਅੱਗੇ ਆਈ ਤਾਂ ਅਚਾਨਕ ਉਸ ਨੂੰ ਜਾਗ ਆ ਗਈ ਅਤੇ ਜਿਉਂ ਹੀ ਟਾਂਗਰੀ ਦੇ ਪੁਲ ’ਤੇ ਬੱਸ ਹੌਲੀ ਹੋਈ ਤਾਂ ਉਸ ਨੇ ਛਾਲ ਮਾਰ ਦਿੱਤੀ।
ਹਾਦਸੇ ’ਚ ਵਿਦਿਆਰਥੀ ਜ਼ਖ਼ਮੀ
ਬਨੂੜ (ਪੱਤਰ ਪ੍ਰੇਰਕ): ਪਿੰਡ ਧਰਮਗੜ੍ਹ ਤੋਂ ਬਨੂੜ ਦੇ ਸਕੂਲ ਵਿੱਚ ਸਾਈਕਲ ਉੱਤੇ ਪੜ੍ਹਨ ਆ ਰਿਹਾ ਗਿਆਰਵੀਂ ਦਾ ਵਿਦਿਆਰਥੀ ਮੋਹਿਤਪ੍ਰੀਤ ਸਿੰਘ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆਉਣ ਨਾਲ ਜ਼ਖ਼ਮੀ ਹੋ ਗਿਆ। ਹਾਦਸਾ ਬਨੂੜ ਤੋਂ ਧਰਮਗੜ੍ਹ ਨੂੰ ਜਾਂਦੀ ਸੰਪਰਕ ਸੜਕ ਉੱਤੇ ਵਾਪਰਿਆ।
ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ
ਚੰਡੀਗੜ੍ਹ (ਟਨਸ): ਇੱਥੋਂ ਦੇ ਸੈਕਟਰ 24/37-25/38 ਵਾਲੇ ਚੌਕ ’ਚ ਕਾਰ ਦੀ ਟੱਕਰ ਲੱਗਣ ਕਾਰਨ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੀੜਤ ਦੀ ਪਛਾਣ ਪ੍ਰਦੀਪ ਕੁਮਾਰ ਵਾਸੀ ਮੁਹਾਲੀ ਵਜੋਂ ਹੋਈ ਹੈ। ਥਾਣਾ ਸੈਕਟਰ-39 ਵਿੱਚ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।