ਆਤਿਸ਼ ਗੁਪਤਾ
ਚੰਡੀਗੜ੍ਹ, 9 ਮਾਰਚ
ਇਥੇ ਸੈਕਟਰ-37 ਵਿੱਚ ਕੋਠੀ ’ਤੇ ਨਾਜਾਇਜ਼ ਕਬਜ਼ਾ ਕਰ ਕੇ ਵੇਚਣ ਦੇ ਕਥਿਤ ਦੋਸ਼ ਵਿੱਚ ਚੰਡੀਗੜ੍ਹ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ ਚਾਰ ਦਿਨਾਂ ਦੇ ਪੁਲੀਸ ਰਿਮਾਂਡ ਤੋਂ ਬਾਅਦ ਅੱਜ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੱਤਰਕਾਰ ਸੰਜੀਵ ਮਹਾਜਨ ਅਤੇ ਪ੍ਰਾਪਰਟੀ ਡੀਲਰ ਮਨੀਸ਼ ਗੁਪਤਾ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਜਦਕਿ ਪੁਲੀਸ ਨੇ ਡੀਐੱਸਪੀ ਦੇ ਭਰਾ ਸਤਪਾਲ ਡਾਗਰ ਤੋਂ ਫ਼ਰਜ਼ੀ ਰਜਿਸਟਰੀ ਲਈ ਪੇਸ਼ ਹੋਣ ਵਾਲੇ ਵਿਅਕਤੀਆਂ ਦੀ ਭਾਲ ਅਤੇ ਸ਼ਨਾਖਤ ਲਈ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਡਾਗਰ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਚੰਡੀਗੜ੍ਹ ਪੁਲੀਸ ਨੇ ਇਸ ਮਾਮਲੇ ਸਬੰਧੀ ਪੁੱਛਗਿੱਛ ਲਈ ਡੀਐੱਸਪੀ ਰਾਮਗੋਪਾਲ ਅਤੇ ਇੰਸਪੈਕਟਰ ਰਾਜਦੀਪ ਨੂੰ ਸੰਮਨ ਜਾਰੀ ਕੀਤੇ ਹਨ। ਇਸ ’ਤੇ ਅੱਜ ਡੀਐੱਸਪੀ ਰਾਮਗੋਪਾਲ ਤੋਂ ਪੁੱਛਗਿੱਛ ਕੀਤੀ ਗਈ ਤੇ ਰਾਜਦੀਪ ਤੋਂ ਆਉਣ ਵਾਲੇ ਦਿਨਾਂ ਵਿੱਚ ਪੁੱਛ-ਗਿੱਛ ਕੀਤੀ ਜਾਵੇਗੀ। ਦੂਜੇ ਪਾਸੇ ਸੈਕਟਰ-37 ਦੀ ਕੋਠੀ ਦੀ ਰਜਿਸਟਰੀ ਦੌਰਾਨ ਅਸਟੇਟ ਦਫ਼ਤਰ ਵਿੱਚ ਤਾਇਨਾਤ ਅਧਿਕਾਰੀਆਂ ਦੀ ਭੂਮਿਕਾ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਕੋਠੀ ਦੇ ਅਸਲ ਮਾਲਕ ਰਾਹੁਲ ਮਹਿਤਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਹੋਇਆ ਹੈ। ਦੱਸਣਯੋਗ ਹੈ ਕਿ ਪੁਲੀਸ ਥਾਣਾ ਸੈਕਟਰ-31 ਦੀ ਪੁਲੀਸ ਨੇ ਇਸ ਮਾਮਲੇ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ ਤੋਂ ਇਲਾਵਾ ਅਰਵਿੰਦਰ ਸਿੰਗਲਾ, ਖਲਿੰਦਰ ਸਿੰਘ ਕਾਦੀਆਨ, ਅਸ਼ੋਕ ਅਰੋੜਾ, ਸੌਰਭ ਗੁਪਤਾ, ਸ਼ੇਖਰ, ਦਲਜੀਤ ਸਿੰਘ ਅਤੇ ਸੁਰਜੀਤ ਸਿੰਘ ਦੇ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੋਇਆ ਹੈ ਤੇ ਪੜਤਾਲ ਜਾਰੀ ਹੈ।