ਪੱਤਰ ਪ੍ਰੇਰਕ
ਚੰਡੀਗੜ੍ਹ, 9 ਅਗਸਤ
ਇੱਥੇ ਅੱਜ ਐੱਸਸੀ, ਬੀਸੀ ਸਮਾਜ ਨਾਲ ਹੋ ਰਹੀਆਂ ਵਧੀਕੀਆਂ ਦਾ ਵਿਰੋਧ ਕਰਨ ਲਈ ਕਈ ਐੱਸਸੀ, ਬੀਸੀ ਜਥੇਬੰਦੀਆਂ ਵੱਲੋਂ ਸੰਯੁਕਤ ਸੰਘਰਸ਼ ਮੋਰਚਾ ਗਠਿਤ ਕਰਨ ਦੀ ਤਿਆਰੀ ਕੀਤੀ ਗਈ। ਇਸੇ ਸਬੰਧ ਵਿੱਚ ਮੀਟਿੰਗ ਗੁਰੂ ਰਵਿਦਾਸ ਗੁਰਦੁਆਰਾ ਸੈਕਟਰ 30 ਚੰਡੀਗੜ੍ਹ ਵਿੱਚ ਓਪੀ ਚੋਪੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਅਧਾਰਿਤ ਡਾਕਟਰ ਅੰਬੇਡਕਰ ਸੰਯੁਕਤ ਸੰਘਰਸ਼ ਮੋਰਚਾ ਦਾ ਗਠਨ ਕਰਨ ਦਾ ਫ਼ੈਸਲਾ ਲਿਆ ਗਿਆ। ਸ੍ਰੀ ਚੋਪੜਾ ਨੇ ਦੱਸਿਆ ਕਿ ਮੋਰਚੇ ਦਾ ਉਦੇਸ਼ ਰਾਖਵੇਂਕਰਨ ਦੀਆਂ ਨੀਤੀਆਂ ਨੂੰ ਸਰਕਾਰਾਂ ਤੋਂ ਲਾਗੂ ਕਰਵਾਉਣਾ ਅਤੇ ਐੱਸਸੀ, ਬੀਸੀ ਸਮਾਜ ਨਾਲ ਸਬੰਧਤ ਲੋਕਾਂ ਖਿਲਾਫ਼ ਹੋ ਰਹੇ ਅੱਤਿਆਚਾਰਾਂ ਖਿਲਾਫ਼ ਅਵਾਜ਼ ਬੁਲੰਦ ਕਰਨਾ ਹੈ। ਪੰਜਾਬ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਅਤੇ ਵਿਭਾਗਾਂ ਜਿਵੇਂ ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵਿੱਚ ਲਾਅ ਅਫ਼ਸਰਾਂ ਦੀ ਨਿਯੁਕਤੀ ਵਿੱਚ ਰਾਖਵਾਂਕਰਨ ਲਾਗੂ ਕਰਵਾਉਣ ਲਈ ਸੰਘਰਸ਼ ਛੇੜਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਮੰਗ ਕੀਤੀ ਕਿ ਪੰਜਾਬ ਸਰਕਾਰ ਸਾਬਕਾ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਲੋੜੀਂਦੇ ਸਖ਼ਤ ਕਦਮ ਚੁੱਕੇ।