ਕੁਲਦੀਪ ਸਿੰਘ
ਚੰਡੀਗੜ੍ਹ, 14 ਜੂਨ
ਯੂ.ਟੀ. ਚੰਡੀਗੜ੍ਹ ਦੇ ਆਊਟਸੋਰਸਡ ਵਰਕਰਾਂ ਅਤੇ ਹੋਰ ਕਰਮਚਾਰੀਆਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਅੱਜ ਗਵਰਨਰ ਹਾਊਸ ਵੱਲ ਪੈਦਲ ਰੋਸ ਮਾਰਚ ਕੀਤਾ ਗਿਆ। ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਅੱਗੇ ਵਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਵੱਲੋਂ ਸੈਕਟਰ 17 ਦੇ ਸ਼ਿਵਾਲਿਕ ਹੋਟਲ ਦੇ ਨਜ਼ਦੀਕ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ ਅਤੇ ਇੱਕ ਵਫ਼ਦ ਦੀ ਮੁਲਾਕਾਤ ਐੱਸਡੀਐਮ ਤੇਜਦੀਪ ਸਿੰਘ ਸੈਣੀ ਨਾਲ ਕਰਵਾਈ ਗਈ ਜਿੱਥੇ ਜਾ ਕੇ ਵਫ਼ਦ ਵੱਲੋਂ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਨਾਂ ਇੱਕ ਮੰਗ ਪੱਤਰ ਸੌਂਪਿਆ ਗਿਆ।
ਸੈਕਟਰ 17 ਵਿੱਚ ਰੋਕੇ ਜਾਣ ਉਪਰੰਤ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਜੁਆਇੰਟ ਐਕਸ਼ਨ ਕਮੇਟੀ ਦੇ ਪੈਟਰਨ ਰਾਜਾ ਰਾਮ, ਚੇਅਰਮੈਨ ਸੁਰਮੁਖ ਸਿੰਘ, ਕਨਵੀਨਰ ਅਸ਼ਵਨੀ ਕੁਮਾਰ, ਰਾਜਿੰਦਰ ਕੁਮਾਰ, ਸੰਜੇ ਦੂਹਨ, ਕੁਲਦੀਪ ਸਿੰਘ, ਕਮਲ ਕੁਮਾਰ, ਸਰਵਨ ਕੁਮਾਰ ਆਦਿ ਨੇ ਕਿਹਾ ਕਿ ਯੂ.ਟੀ. ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਆਊਟਸੋਰਸਡ ਵਰਕਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਤਨਖਾਹਾਂ ਦੇ ਡੀ.ਸੀ. ਰੇਟ ਨੂੰ ਲੈ ਕੇ ਵਰਕਰਾਂ ਵਿੱਚ ਵੰਡੀਆਂ ਪਾ ਦਿੱਤੀਆਂ ਹਨ। ਵਰਕਰਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਨੂੰ ਵੱਖ-ਵੱਖ ਅਤੇ ਨਾਂਮਾਤਰ ਪ੍ਰਤੀਸ਼ਤਤਾ ਦੇ ਅਧਾਰ ’ਤੇ ਇਹ ਰੇਟ ਦਿੱਤਾ ਗਿਆ ਹੈ ਜਦਕਿ ਜੁਆਇੰਟ ਐਕਸ਼ਨ ਕਮੇਟੀ ਦੀ 21 ਫੀਸਦੀ ਡੀ.ਸੀ. ਰੇਟ ਵਧਾਉਣ ਦੀ ਮੰਗ ਸੀ। ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਦੇ ਸਾਰੇ ਵਰਗਾਂ ਦਾ 15 ਫੀਸਦੀ ਡੀ.ਸੀ. ਰੇਟ ਵਧਾ ਕੇ ਇਨ੍ਹਾਂ ਗਰੀਬ ਵਰਕਰਾਂ ਨਾਲ ਇਨਸਾਫ਼ ਕੀਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਕਰ ਸਕਣ। ਇਸ ਦੇ ਨਾਲ ਹੀ ਵਰਕਰਾਂ ਦਾ ਠੇਕੇਦਾਰ ਰਾਹੀਂ ਆਰਥਿਕ ਸ਼ੋਸ਼ਣ ਰੋਕਿਆ ਜਾਵੇ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇ। ਦਸੰਬਰ 1996 ਤੋਂ ਬਾਅਦ ਐਮ.ਸੀ. ਵਿੱਚ ਭਰਤੀ ਹੋਏ ਡੇਲੀਵੇਜ ਵਰਕਰਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 13 ਮਾਰਚ 2015 ਨੂੰ ਬਣਾਈ ਪਾਲਿਸੀ ਅਧੀਨ ਲਿਆਂਦਾ ਜਾਵੇ ਅਤੇ ਐਮ.ਸੀ. ਕਰਮਚਾਰੀਆਂ ਦੇ ਨਿਯਮਾਂ ਨੂੰ ਸੋਧਿਆ ਜਾਵੇ।
ਆਊਟਸੋਰਸਡ ਵਰਕਰਾਂ ਨੇ ਪ੍ਰਸ਼ਾਸਨ ਦਾ ਪੁਤਲਾ ਫੂਕਿਆ
ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐਮ.ਸੀ. ਐਂਪਲਾਈਜ਼ ਤੇ ਵਰਕਰਜ਼ ਯੂ.ਟੀ. ਚੰਡੀਗੜ੍ਹ ਦੇ ਬੈਨਰ ਹੇਠ ਆਊਟਸੋਰਸਡ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਪੁਤਲਾ ਫੂਕ ਪ੍ਰਦਰਸ਼ਨਾਂ ਤਹਿਤ ਅੱਜ ਐਮ.ਸੀ. ਸੀਵਰੇਜ ਵਿੰਗ ਦੇ ਵਰਕਰਾਂ ਵੱਲੋਂ ਵਾਟਰ ਵਰਕਸ ਸੈਕਟਰ 32 ਦੇ ਨਜ਼ਦੀਕ ਯੂ.ਟੀ. ਪ੍ਰਸ਼ਾਸਨ ਦਾ ਪੁਤਲਾ ਫੂਕਿਆ ਗਿਆ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਵਰਕਰਾਂ ਦੀਆਂ ਤਨਖਾਹਾਂ ਦੇ ਡੀਸੀ ਰੇਟ ਵਧਾਉਣ ਵਾਲੀ ਨੋਟੀਫਿਕੇਸ਼ਨ ਵਿੱਚੋਂ ਤਰੁੱਟੀਆਂ ਦੂਰ ਕਰਵਾਉਣ ਦੀ ਮੰਗ ਕੀਤੀ ਗਈ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਪੈਟਰਨ ਸ਼ਾਮ ਲਾਲ ਘਾਵਰੀ, ਚੇਅਰਮੈਨ ਅਨਿਲ ਕੁਮਾਰ ਅਤੇ ਸੀਨੀਅਰ ਵਾਈਸ ਪ੍ਰਧਾਨ ਸੁਰੇਸ਼ ਕੁਮਾਰ ਨੇ ਸੰਬੋਧਨ ਕੀਤਾ।