ਪੱਤਰ ਪ੍ਰੇਰਕ
ਬਨੂੜ, 15 ਅਕਤੂਬਰ
ਪਿੰਡ ਨਨਹੇੜਾ ਦੇ ਵਸਨੀਕ ਦੋ ਸਕੇ ਭਰਾਵਾਂ ਦੇ ਘਰਾਂ ਵਿੱਚੋਂ ਲੱਖਾਂ ਦੀ ਕੀਮਤ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਡੇਢ ਲੱਖ ਦੀ ਨਕਦੀ ਚੋਰੀ ਹੋ ਗਈ। ਪੀੜਤ ਸੋਨੀਪਾਲ ਨੇ ਦੱਸਿਆ ਕਿ ਉਹ ਤੇ ਉਸ ਦੇ ਭਰਾ ਗੁਰਮੀਤ ਸਿੰਘ ਦੋਵਾਂ ਨੇ ਅਲੱਗ-ਅਲੱਗ ਮਕਾਨ ਬਣਾਏ ਹੋਏ ਹਨ ਅਤੇ ਵਿਹੜਾ ਇੱਕੋ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਦਸ ਕੁ ਵਜੇ ਉਹ ਆਪਣੀ ਪਤਨੀ ਨੂੰ ਦਵਾਈ ਦਵਾਉਣ ਲਈ ਰਾਜਪੁਰਾ ਚਲਾ ਗਿਆ ਜਦ ਕਿ ਉਸ ਦਾ ਦੂਜਾ ਭਰਾ ਤੇ ਭਰਜਾਈ ਗੇਟ ਲਗਾ ਕੇ ਕਿਤੇ ਬਾਹਰ ਚਲੇ ਗਏ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਵਾਪਸ ਆਏ ਤਾਂ ਅਲਮਾਰੀਆਂ ਦੇ ਜਿੰਦਰੇ ਟੁੱਟੇ ਪਏ ਸਨ ਅਤੇ ਬੈੱਡਾਂ ਤੇ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਅਲਮਾਰੀਆਂ ਵਿਚ ਪਏ ਚਾਰ ਸੋਨੇ ਦੇ ਸੈੱਟ, ਦੋ ਮੰਗਲ ਸੂਤਰ, ਚਾਰ ਅੰਗੂਠੀਆਂ, ਦੋ ਸੋਨੇ ਦੇ ਟਿੱਕੇ, ਚਾਰ ਜੋੜੀਆਂ ਛੋਟੀਆਂ ਵਾਲੀਆਂ, ਦੋ ਜੋੜੇ ਟੌਪਸ ਤੇ ਚਾਂਦੀ ਦੀਆਂ ਝਾਂਜਰਾਂ ਦੇ ਜੋੜੇ ਤੇ ਚੁਟਕੀਆਂ ਜਿਨ੍ਹਾਂ ਦੀ ਕੀਮਤ ਦਸ ਲੱਖ ਰੁਪਏ ਤੋਂ ਵਧੇਰੇ ਬਣਦੀ ਹੈ ਅਤੇ ਅਲਮਾਰੀ ਵਿੱਚ ਰੱਖੀ ਹੋਈ ਡੇਢ ਲੱਖ ਰੁਪਏ ਦੀ ਨਕਦੀ ਗਾਇਬ ਸੀ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਦੀ ਸੂਚਨਾ ਥਾਣਾ ਸ਼ੰਭੂ ਨੂੰ ਦੇ ਦਿੱਤੀ ਗਈ ਹੈ। ਉਥੇ ਹੀ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਧਰਮਗੜ੍ਹ ਵਿੱਚ ਇੱਕ ਹਫ਼ਤੇ ਦੌਰਾਨ ਚੋਰੀ ਦੀਆਂ ਤਿੰਨ ਵਾਰਦਾਤਾਂ ਵਾਪਰਨ ਨਾਲ ਪਿੰਡ ਵਾਸੀ ਸਹਿਮੇ ਹੋਏ ਹਨ।