ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 31 ਅਗਸਤ
ਜੁਆਇੰਟ ਐਂਟਰੈਂਸ ਐਗਜ਼ਾਈਨੇਸ਼ਨ (ਜੇਈਈ) ਮੇਨਜ਼ ਦੀ ਪ੍ਰੀਖਿਆ 1 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਇਸ ਪ੍ਰੀਖਿਆ ਲਈ ਪ੍ਰਸ਼ਾਸਨ ਨੇ ਪ੍ਰਬੰਧ ਮੁਕੰਮਲ ਕਰ ਲਏ ਹਨ। ਇਹ ਪ੍ਰੀਖਿਆ ਚੰਡੀਗੜ੍ਹ ਦੇ ਦੋ ਥਾਵਾਂ ਤੇ ਮੁਹਾਲੀ ਤੇ ਲਾਲੜੂ ਦੇ ਇਕ ਇਕ ਸੈਂਟਰਾਂ ਵਿਚ ਹੋਵੇਗੀ ਜਿਸ ਲਈ 7263 ਵਿਦਿਆਰਥੀ ਪ੍ਰੀਖਿਆ ਦੇਣਗੇ। ਇਸ ਸਬੰਧੀ ਸੈਂਟਰਾਂ ਨੂੰ ਕਰੋਨਾ ਦੇ ਮੱਦੇਨਜ਼ਰ ਸਖਤ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਇਹ ਪ੍ਰੀਖਿਆ ਹਰ ਸੈਂਟਰ ਵਿਚ ਦਿਨ ਵਿਚ ਦੋ ਵਾਰ ਹੋਵੇਗੀ। ਇਹ ਪ੍ਰੀਖਿਆ ਪਹਿਲੀ ਤੋਂ ਛੇ ਸਤੰਬਰ ਤਕ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਦੇਸ਼ ਭਰ ਦੇ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਕਰੋਨਾ ਕਾਰਨ ਮੁਲਤਵੀ ਕਰਨ ਦੀ ਮੰਗ ਕੀਤੀ ਸੀ ਤੇ ਇਸ ਸਬੰਧੀ ਸਰਵਉਚ ਅਦਾਲਤ ਤਕ ਵੀ ਪਹੁੰਚ ਕੀਤੀ ਸੀ ਪਰ ਕੇਂਦਰ ਨੇ ਇਹ ਪ੍ਰੀਖਿਆ ਤੈਅ ਸਮੇਂ ਵਿਚ ਵੀ ਕਰਵਾਉਣ ਦੇ ਨਿਰਦੇਸ਼ ਦਿੱਤੇ। ਚੰਡੀਗੜ੍ਹ ਵਿਚ ਪ੍ਰੀਖਿਆ ਦੇ ਰਹੇ ਰਿਤੇਸ਼ ਨੇ ਦੱਸਿਆ ਕਿ ਭਾਵੇਂ ਕਰੋਨਾ ਤੋਂ ਬਚਾਅ ਦੇ ਪ੍ਰਬੰਧ ਕੀਤੇ ਗਏ ਹਨ ਪਰ ਕੇਂਦਰ ਨੂੰ ਹਾਲ ਦੀ ਘੜੀ ਇਹ ਪ੍ਰੀਖਿਆ ਨਹੀਂ ਕਰਵਾਉਣੀ ਚਾਹੀਦੀ ਸੀ ਕਿਉਂਕਿ ਚੰਡੀਗੜ੍ਹ ਤੇ ਮੁਹਾਲੀ ਵਿਚ ਰੋਜ਼ਾਨਾ ਕਰੋਨਾ ਦੇ ਕੇਸ ਵਧ ਰਹੇ ਹਨ ਤੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਨਹੀਂ ਪਾਉਣਾ ਚਾਹੀਦਾ।
ਇਹ ਪ੍ਰੀਖਿਆ ਕੰਪਿਊਟਰ ਆਧਾਰਤ ਹੋਵੇਗੀ ਜਿਸ ਲਈ ਚੰਡੀਗੜ੍ਹ ਵਿਚ ਦੋ ਸੈਂਟਰ ਵਰਤਮਾਨ ਆਨਲਾਈਨ ਸਰਵਿਸਿਜ਼ ਸਨਅਤੀ ਏਰੀਆ ਫੇਜ਼-1 ਤੇ ਦਸਮੇਸ਼ ਕੰਪਿਊਟਰਜ਼ ਫੇਜ਼-2 ਤੇ ਮੁਹਾਲੀ ਵਿਚ ਈਓਨ ਡਿਜੀਟਲ ਜ਼ੋਨ ਫੇਜ਼-ਅੱਠ ਮੁਹਾਲੀ ਤੇ ਲਾਲੜੂ ਵਿਚ ਡਿਜੀਟਲ ਜ਼ੋਨ ਸੈਂਟਰ ਬਣਾਏ ਗਏ ਹਨ। ਇਹ ਪ੍ਰੀਖਿਆ ਸਵੇਰੇ 9 ਤੋਂ 12 ਤੇ ਦੁਪਹਿਰ 3 ਤੋਂ 6 ਵਜੇ ਹੋਵੇਗੀ ਤੇ ਹਰ ਸ਼ਿਫਟ ਤੋਂ ਬਾਅਦ ਸੈਂਟਰ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਦੇ ਸੈਂਟਰ ਬਣਾਏ ਗਏ ਹਨ।
ਵਿਦਿਆਰਥੀਆਂ ਨੂੰ ਥ੍ਰੀ ਪਲਾਈ ਮਾਸਕ ਦਿੱਤੇ ਜਾਣਗੇ
ਕੇਂਦਰ ਨੇ ਸਬੰਧਤ ਰਾਜਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕਰੋਨਾ ਤੋਂ ਇਹਤਿਹਾਤ ਵਜੋਂ ਸਮਾਜਿਕ ਦੂਰੀ ਤੇ ਹੋਰ ਸੁਰੱਖਿਆ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ। ਇਸ ਲਈ ਹਰ ਸੈਂਟਰ ਦੀ ਐਂਟਰੀ ’ਤੇ ਵਿਦਿਆਰਥੀਆਂ ਦੇ ਸੈਨੇਟਾਈਜ਼ ਕਰਨ ਦੇ ਪ੍ਰਬੰਧ ਹੋਣਗੇ। ਇਸ ਤੋਂ ਇਲਾਵਾ ਪ੍ਰੀਖਿਆ ਕੇਂਦਰ ਵਿਚ ਜਾਣ ਤੋਂ ਪਹਿਲਾਂ ਵੀ ਸੈਨੇਟਾਈਜ਼ਰ ਦਾ ਪ੍ਰਬੰਧ ਹੋਵੇਗਾ। ਹਰ ਵਿਦਿਆਰਥੀ ਨੂੰ ਆਪਣੇ ਨਾਲ ਹੈਂਡ ਸੈਨੇਟਾਈਜ਼ ਰੱਖਣਾ ਜ਼ਰੂਰੀ ਹੋਵੇਗਾ ਤੇ ਵਿਦਿਆਰਥੀ ਸੈਂਟਰ ਵਿਚ ਸਿਰਫ ਪਾਣ ਦੀ ਪਾਰਦਰਸ਼ੀ ਬੋਤਲ ਹੀ ਲਿਜਾ ਸਕਣਗੇ। ਜੇਈਈ ਪ੍ਰੀਖਿਆ ਲਈ ਹਰ ਪ੍ਰੀਖਿਆਰਥੀ ਨੂੰ ਐਡਮਿਟ ਕਾਰਡ ਵਿਚ ਬਾਰ ਕੋਡ ਦਿੱਤਾ ਜਾਵੇਗਾ ਜਿਸ ਨੂੰ ਸਕੈਨ ਕਰਨ ਨਾਲ ਹੀ ਉਸ ਨੂੰ ਕੇਂਦਰ ਵਿਚ ਦਾਖਲਾ ਮਿਲੇਗਾ। ਪ੍ਰੀਖਿਆਰਥੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਵੈਬਸਾਈਟ ਤੋਂ ਸਵੈ-ਘੋਸ਼ਣਾ ਪੱਤਰ ਨੂੰ ਅਪਲੋਡ ਕਰਨਗੇ ਭਰਨਗੇ ਤੇ ਇਸ ਨਾਲ ਉਨ੍ਹਾਂ ਨੂੰ ਲੌਕਡਾਊਨ ਦੌਰਾਨ ਆਉਣ ਜਾਣ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ।
ਸਮੈਸਟਰ ਫੀਸ ਮੁਆਫ਼ੀ ਦੀ ਮੰਗ
ਚੰਡੀਗੜ੍ਹ (ਪੱਤਰ ਪ੍ਰੇਰਕ) ਪੰਜਾਬ ਯੂਨੀਵਰਸਿਟੀ ਵਿੱਚ ਸਮੈਸਟਰ ਫੀਸਾਂ ਮੁਆਫ਼ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ 25 ਦਿਨਾਂ ਤੋਂ ਹੜਤਾਲ ’ਤੇ ਬੈਠੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਵੱਲੋਂ ਅੱਜ 26ਵੇਂ ਦਿਨ ਉਪ-ਕੁਲਪਤੀ ਦਫ਼ਤਰ ਤੋਂ ਉਨ੍ਹਾਂ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢਿਆ ਗਿਆ। ਵਿਦਿਆਰਥੀਆਂ ਨੇ ਪੀ.ਯੂ. ਪ੍ਰਸ਼ਾਸ਼ਨ ਅਤੇ ਉਪ-ਕੁਲਪਤੀ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਪ੍ਰਧਾਨ ਹਰੀਸ਼ ਗੁੱਜਰ ਤੇ ਜਨਰਲ ਸਕੱਤਰ ਪ੍ਰਿਯਾ ਦੀ ਅਗਵਾਈ ਵਿੱਚ ਕੱਢੇ ਗਏ ਇਸ ਰੋਸ ਮਾਰਚ ਦੌਰਾਨ ਡੀਨ ਵਿਦਿਆਰਥੀ ਭਲਾਈ ਪ੍ਰੋ. ਐਸ.ਕੇ. ਤੋਮਰ ਨੇ ਮੌਕੇ ’ਤੇ ਪਹੁੰਚ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਫੀਸਾਂ ਦੇ ਮੁੱਦੇ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਜਦੋਂਕਿ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਪੀਯੂ ਪ੍ਰਸ਼ਾਸਨ ਹਰ ਵਾਰ ਉਨ੍ਹਾਂ ਨੂੰ ਕੋਈ ਨਾ ਕੋਈ ਲਾਰਾ ਲਗਾ ਕੇ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਫੀਸਾਂ ਮੁਆਫ਼ ਨਹੀਂ ਕਰ ਦਿੱਤੀਆਂ ਜਾਂਦੀਆਂ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।