ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਅਕਤੂਬਰ
ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਜੇਈਈ) ਅਡਵਾਂਸਡ ਦਾ ਨਤੀਜਾ ਅੱਜ ਐਲਾਨਿਆ ਗਿਆ। ਇਸ ਨਤੀਜੇ ਵਿਚ ਟਰਾਈਸਿਟੀ ਦੇ ਚੇਤੰਨਿਆ ਅਗਰਵਾਲ ਨੇ ਆਲ ਇੰਡੀਆ ਅੱਠਵਾਂ ਰੈਂਕ ਹਾਸਲ ਕੀਤਾ ਹੈ। ਇਹ ਪ੍ਰੀਖਿਆ 3 ਅਕਤੂਬਰ ਨੂੰ ਹੋਈ ਸੀ। ਇਸ ਵਾਰ ਇਸ ਨਤੀਜੇ ਵਿਚ ਟਰਾਈਸਿਟੀ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਪਿਛਲੇ ਸਾਲਾਂ ਨਾਲੋਂ ਵਧੀਆ ਰਿਹਾ। ਚੇਤੰਨਿਆ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਸੈਕਟਰ-40 ਦਾ ਵਿਦਿਆਰਥੀ ਹੈ। ਉਸ ਦੇ ਪਿਤਾ ਪ੍ਰਾਪਰਟੀ ਦਾ ਕੰਮ ਕਾਜ ਦੇਖਦੇ ਹਨ ਤੇ ਮਾਂ ਪੀਜੀਆਈ ਵਿਚ ਸੀਨੀਅਰ ਨਰਸਿੰਗ ਅਧਿਕਾਰੀ ਹੈ। ਉਹ ਆਈਆਈਟੀ ਬੰਬੇ ਜਾਣ ਦਾ ਚਾਹਵਾਨ ਹੈ। ਉਸ ਨੇ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਤੇ ਮਾਪਿਆਂ ਨੂੰ ਦਿੱਤਾ। ਚੇਤੰਨਿਆ ਨੇ ਦੱਸਿਆ ਕਿ ਉਹ ਨਿਯਮਤ ਸਮੇਂ ’ਤੇ ਪੜ੍ਹਾਈ ਕਰਦਾ ਰਿਹਾ ਹੈ ਤੇ ਉਸ ਨੇ ਪੁਰਾਣੇ ਸਿਲੇਬਸ ਨੂੰ ਸਮੇਂ ਸਿਰ ਕਵਰ ਕੀਤਾ। ਉਸ ਦਾ ਜੇਈਈ ਮੇਨ ਵਿਚ ਆਲ ਇੰਡੀਆ 62ਵਾਂ ਰੈਂਕ ਸੀ। ਉਸ ਨੇ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿਚ ਵੀ ਮੋਹਰੀ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਭਵਨ ਵਿਦਿਆਲਿਆ ਚੰਡੀਗੜ੍ਹ ਦੇ ਗੁਰਅੰਮ੍ਰਿਤ ਸਿੰਘ ਨੇ ਆਲ ਇੰਡੀਆ 26ਵਾਂ ਰੈਂਕ ਹਾਸਲ ਕੀਤਾ ਹੈ। ਉਹ ਆਈਆਈਟੀ ਬੰਬੇ ਤੋਂ ਕੰਪਿਊਟਰ ਸਾਇੰਸ ਦੀ ਡਿਗਰੀ ਕਰਨਾ ਚਾਹੁੰਦਾ ਹੈ। ਉਸ ਦੇ ਪਿਤਾ ਨੇ ਸਮੇਂ ਸਮੇਂ ’ਤੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਤੇ ਉਸ ਨੂੰ ਹੌਸਲਾ ਦਿੰਦੇ ਰਹੇ। ਉਸ ਨੇ ਕਰੋਨਾ ਸਮੇਂ ਤੋਂ ਲੈ ਕੇ ਪੜ੍ਹਾਈ ਜਾਰੀ ਰੱਖੀ ਤੇ ਪ੍ਰੀਖਿਆ ਵਿਚ ਵਧੀਆ ਸਥਾਨ ਹਾਸਲ ਕੀਤਾ।
ਇਸ ਤੋਂ ਇਲਾਵਾ ਕੁਸ਼ਹਾਂਗ ਸਿੰਗਲਾ ਨੇ ਆਲ ਇੰਡੀਆ 30 ਵਾਂ ਰੈਂਕ ਹਾਸਲ ਕੀਤਾ ਹੈ। ਉਸ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਤੇ ਅਧਿਆਪਕਾਂ ਨੂੰ ਦਿੱਤਾ। ਉਸ ਨੇ ਭਵਨ ਵਿਦਿਆਲਿਆ ਪੰਚਕੂਲਾ ਤੋਂ ਆਪਣੀ ਸਕੂਲੀ ਪੜ੍ਹਾਈ ਮੁਕੰਮਲ ਕੀਤੀ ਤੇ ਚੰਡੀਗੜ੍ਹ ਦੇ ਕੋਚਿੰਗ ਸੈਂਟਰ ਤੋਂ ਸਿਖਲਾਈ ਲਈ।