ਹਰਦੇਵ ਚੌਹਾਨ
ਚੰਡੀਗੜ੍ਹ, 12 ਫਰਵਰੀ
ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਪੰਜਾਬ ਕਲਾ ਭਵਨ ਵਿੱਚ ਐਡਵੋਕੇਟ ਜਤਿਨ ਸਲਵਾਨ ਦੀ ਪੰਜਾਬੀ ਕਵਿਤਾ ਦੀ ਪੁਸਤਕ ‘ਫੂੜ੍ਹੀ’ ਰਿਲੀਜ਼ ਕੀਤੀ। ਇਸ ਮੌਕੇ ਸੁਰਜੀਤ ਪਾਤਰ ਨੇ ਜਤਿਨ ਸਲਵਾਨ ਦੀ ਸ਼ਾਇਰੀ ਦੀ ਸਰਲਤਾ ਤੇ ਅਮੀਰ ਸ਼ਬਦਾਵਲੀ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਾਵਿ ਪੁਸਤਕ ਵਿੱਚ ਲਿਖੀਆਂ ਕਵਿਤਾਵਾਂ ਦੇ ਵਿਸ਼ੇ ’ਤੇ ਆਧਾਰਤ ਛੋਟੇ ਪੰਜਾਬੀ ਨਾਟਕ ‘ਉਡੀਕ’ ਨਾਲ ਹੋਈ। ਇਸ ਮੌਕੇ ਸਾਬਕਾ ਫੌਜ ਮੁਖੀ ਜਨਰਲ ਵੀਪੀ ਮਲਿਕ, ਉਨ੍ਹਾਂ ਦੀ ਪਤਨੀ ਰੰਜਨਾ ਮਲਿਕ, ਵਿਵੇਕ ਅਤਰੇ ਆਦਿ ਹਾਜ਼ਰ ਸਨ।
ਇਸੇ ਦੌਰਾਨ ਇੱਥੇ ਰਾਮਗੜ੍ਹੀਆ ਭਵਨ ’ਚ ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ ਗਾਇਕਾ ਤੇ ਅਦਾਕਾਰਾ ਪ੍ਰਮਿੰਦਰ ਕੌਰ ਪੰਮੀ ਦੀ ਪ੍ਰਧਾਨਗੀ ਹੇਠ ਹੋਈ, ਜਿੱਥੇ ਵੱਲੋਂ ਦਵਿੰਦਰ ਕੌਰ ਢਿੱਲੋਂ ਦੀ ਪੁਸਤਕ ‘ਸੱਧਰਾਂ ਦੀ ਫੁਲਕਾਰੀ’ ਦੀ ਘੁੰਡ ਚੁਕਾਈ ਕੀਤੀ ਗਈ। ਪਰਮਜੀਤ ਪਰਮ ਨੇ ਕਿਹਾ ਕਿ ਹਥਲੀ ਕਿਤਾਬ ਵਿਚ ਸ਼ੇਅਰ, ਟੱਪੇ, ਗੀਤ ਤੇ ਕਵਿਤਾਵਾਂ ਹਨ।
ਗੁਰਪ੍ਰੀਤ ਦੀ ਕਾਵਿ-ਕਿਤਾਬ ‘ਰਾਹਕ’ ਬਾਰੇ ਚਰਚਾ
ਚੰਡੀਗੜ੍ਹ (ਪੱਤਰ ਪ੍ਰੇਰਕ): ‘ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ’ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਗੁਰਪ੍ਰੀਤ ਦੀ ਕਾਵਿ-ਕਿਤਾਬ ‘ਰਾਹਕ’ ਉੱਤੇ ਵਿਚਾਰ ਚਰਚਾ ਕਰਵਾਈ ਗਈ। ਇਸ ਮੌਕੇ ਮੰਚ ਦੇ ਸੰਸਥਾਪਕ ਡਾ. ਯੋਗਰਾਜ ਨੇ ਸਾਰਿਆਂ ਦਾ ਸੁਆਗਤ ਕੀਤਾ। ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੰਦੀਪ ਸਿੰਘ ਨੇ ਸਮਕਾਲੀ ਪੰਜਾਬੀ ਕਵਿਤਾ ਦੇ ਹਵਾਲੇ ਨਾਲ ਗੁਰਪ੍ਰੀਤ ਦੀ ਕਾਵਿ ਵਿਲੱਖਣਤਾ ਬਾਰੇ ਗੱਲ ਕੀਤੀ। ਅੰਤ ਵਿੱਚ ਕਵੀ ਗੁਰਪ੍ਰੀਤ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ ਤੇ ਸੁਆਲਾਂ ਦੇ ਜੁਆਬ ਦਿੱਤੇ।