ਜਗਮੋਹਨ ਸਿੰਘ
ਘਨੌਲੀ, 20 ਫਰਵਰੀ
ਦਿੱਲੀ ਦੇ ਕਿਸਾਨੀ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਕਿਸਾਨਾਂ ਨੇ ਪਿੰਡਾਂ ਅਨੁਸਾਰ ਡਿਊਟੀਆਂ ਵੰਡ ਲਈਆਂ ਹਨ। ਪਿੰਡਾਂ ਵਿਚ ਲੋਕ ਹੁਣ ਪ੍ਰਤੀ ਪਿੰਡ ਦਸ-ਦਸ ਵਿਅਕਤੀਆਂ ਦੇ ਜਥੇ ਤਿਆਰ ਕਰ ਕੇ ਟਰਾਲੀਆਂ ਰਾਹੀਂ ਦਿੱਲੀ ਲਿਜਾ ਰਹੇ ਹਨ। ਇਸੇ ਕੜੀ ਵਿੱਚ ਅੱਜ ਪਿੰਡ ਸੈਣੀਮਾਜਰਾ ਅਤੇ ਬਿੱਕੋਂ ਤੋਂ ਪਹਿਲਾਂ ਗਏ ਜਥਿਆਂ ਦੇ ਵਾਪਸ ਪਰਤਣ ਉਪਰੰਤ ਦੋ ਟਰਾਲੀਆਂ ਰਾਹੀਂ ਨਵੇਂ ਜਥਿਆਂ ਨੂੰ ਰਵਾਨਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਸਰਪੰਚ ਢੱਕੀ, ਸਾਬਕਾ ਸਰਪੰਚ ਰਵਿੰਦਰ ਸਿੰਘ ਕਾਲਾ , ਰਾਜਿੰਦਰ ਸਿੰਘ ਬਿੱਕੋਂ ਅਤੇ ਮਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਆਪੋ-ਆਪਣੇ ਸਮੂਹ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਕੇ ਸਰਬਸੰਮਤੀ ਨਾਲ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ। ਪੰਜ-ਪੰਜ ਦਿਨਾਂ ਲਈ ਦਸ-ਬਾਰਾਂ ਜਣਿਆਂ ਦੇ ਜਥੇ ਤਿਆਰ ਕਰ ਕੇ ਦਿੱਲੀ ਲਈ ਰਵਾਨਾ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਜਥੇ ਦੇ ਵਾਪਸ ਪਰਤਣ ਉਪਰੰਤ ਨਵਾਂ ਜਥਾ ਰਵਾਨਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਸਮੇਂ ਵੀ ਜਥੇ ਭੇਜਣ ਦੀ ਵਿਉਂਤਬੰਦੀ ਕਰ ਲਈ ਗਈ ਹੈ।