ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 4 ਅਗਸਤ
ਨੇੜਲੇ ਪਿੰਡ ਜਨੇਤਪੁਰ ਦੇ ਵਸਨੀਕਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਪਿੰਡ ਵਾਸੀਆਂ ਵੱਲੋਂ ਕਿਸਾਨੀ ਮਸਲਾ ਹੱਲ ਨਾ ਹੋਣ ਤੱਕ ਪਿੰਡ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਆਗੂਆਂ ਦਾ ਦਾਖ਼ਲਾ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਦਾਖ਼ਲਾ ਪੁਆਇੰਟਾਂ ’ਤੇ ਬਾਕਾਇਦਾ ਥਾਂ-ਥਾਂ ਚਿਤਾਵਨੀ ਵਾਲੇ ਬੈਨਰ ਵੀ ਲਗਾਏ ਗਏ ਹਨ।
ਪਿੰਡ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਬੱਲਾ, ਲਖਵਿੰਦਰ ਸਿੰਘ, ਗੁਰਚਰਨ ਸਿੰਘ, ਬਲਕਾਰ ਸਿੰਘ, ਹਰਦੇਵ ਸਿੰਘ, ਅਵਤਾਰ ਸਿੰਘ, ਬਲਬੀਰ ਸਿੰਘ ਸਾਬਕਾ ਸਰਪੰਚ, ਪ੍ਰਿਤਪਾਲ ਸਿੰਘ ਨੰਬਰਦਾਰ, ਚਰਨਜੀਤ ਸਿੰਘ, ਜਸਵਿੰਦਰ ਸਿੰਘ ਸਣੇ ਹੋਰਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸੂਬੇ ਦੇ ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਆਪਣੇ ਘਰ ਛੱਡ ਕੇ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮਨਣ ਦੀ ਥਾਂ ਹੰਕਾਰ ਕਰ ਰਹੀ ਹੈ, ਉੱਥੇ ਹੀ ਸੂਬੇ ਦੀਆਂ ਦੂਜੀਆਂ ਸਿਆਸੀ ਪਾਰਟੀਆਂ ਵੀ ਇਸ ਮਾਮਲੇ ਵਿੱਚ ਕਿਸਾਨਾਂ ਦਾ ਸਾਥ ਦੇਣ ਦੀ ਥਾਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਇਸ ਚਿਤਾਵਨੀ ਦੇ ਬਾਵਜੂਦ ਕਿਸੇ ਸਿਆਸੀ ਪਾਰਟੀ ਦਾ ਕੋਈ ਆਗੂ ਜੇਕਰ ਪਿੰਡ ਵਿੱਚ ਮੀਟਿੰਗ ਕਰਦਾ ਹੈ ਤਾਂ ਉਸ ਦਾ ਗੋਹੇ, ਪਾਥੀਆਂ ਤੇ ਕਾਲੀ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ।