ਆਤਿਸ਼ ਗੁਪਤਾ
ਚੰਡੀਗੜ੍ਹ, 24 ਅਗਸਤ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦੇ ਮੁੱਲਾਂਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਕਾਰਨ ਸਿਟੀ ਬਿਊਟੀਫੁੱਲ ਦੀਆਂ ਸੜਕਾਂ ’ਤੇ ਸਾਰਾ ਦਿਨ ਭਾਰੀ ਪੁਲੀਸ ਬੱਲ ਤਾਇਨਾਤ ਰਿਹਾ, ਜਿਨ੍ਹਾਂ ਵੱਲੋਂ ਸੜਕ ’ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੁਰੱਖਿਆ ਦੇ ਮੱਦੇਨਜ਼ਰ ਸੜਕ ਕੰਢੇ ਕਾਰਾਂ ਅਤੇ ਹੋਰ ਵਾਹਨਾਂ ਨੂੰ ਖੜ੍ਹਾ ਨਹੀਂ ਹੋਣ ਦਿੱਤਾ ਗਿਆ। ਪੁਲੀਸ ਦੀ ਸਖਤੀ ਕਾਰਨ ਸ਼ਹਿਰ ਵਿੱਚ ਦਿਨ ਭਰ ਲੋਕ ਖੱਜਲ-ਖੁਆਰ ਹੁੰਦੇ ਰਹੇ, ਕਈ ਥਾਵਾਂ ’ਤੇ ਜਾਮ ਲੱਗਿਆ ਰਿਹਾ ਅਤੇ ਕੁਝ ਥਾਵਾਂ ’ਤੇ ਸੁਨੰ ਮਸਾਨ ਪੱਸਰੀ ਰਹੀ ਹੈ। ਇਸ ਕਾਰਨ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਪਹਿਰ 2.30 ਵਜੇ ਦੇ ਕਰੀਬ ਮੁੱਲਾਂਪੁਰ ਵਿੱਚ ਪਹੁੰਚ ਕੇ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਾ ਸੀ। ਪੁਲੀਸ ਪ੍ਰਸ਼ਾਸਨ ਨੇ ਸਵੇਰੇ 8 ਵਜੇ ਤੋਂ ਹੀ ਸੜਕਾਂ ’ਤੇ ਰੂਟ ਲਗਾ ਦਿੱਤਾ ਗਿਆ। ਕੇਂਦਰੀ ਸੁਰੱਖਿਆ ਬੱਲਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਸਮਾਗਮ ਵਾਲੀ ਥਾਂ ’ਤੇ ਲਿਜਾਣ ਲਈ ਤਿੰਨ ਸੜਕੀ ਰਾਹ ਤਿਆਰ ਕੀਤੇ ਗਏ ਸਨ। ਜਦੋਂਕਿ ਪ੍ਰਧਾਨ ਮੰਤਰੀ ਨੂੰ ਹੈਲੀਕਾਪਟਰ ਰਾਹੀਂ ਸਮਾਗਮ ਵਾਲੀ ਥਾਂ ਉੱਤੇ ਲਿਜਾਇਆ ਗਿਆ।
ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਦੀ ਫੇਰੀ ਕਰਕੇ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ ਸਨ, ਜਿੱਥੇ ਚੰਡੀਗੜ੍ਹ ਪੁਲੀਸ ਦੇ ਨਾਲ-ਨਾਲ ਪੰਜਾਬ ਪੁਲੀਸ ਅਤੇ ਅਰਧ ਸੈਨਿਕ ਬੱਲਾਂ ਦੀਆਂ ਟੁਕੜੀਆਂ ਵੀ ਤਾਇਨਾਤ ਕੀਤੀਆਂ ਗਈਆਂ ਸਨ। ਸੁਰੱਖਿਆ ਮੁਲਾਜ਼ਮਾਂ ਨੇ ਪ੍ਰਧਾਨ ਮੰਤਰੀ ਦੀ ਫੇਰੀ ਦੇ ਚੱਲਦਿਆਂ ਦੱਖਣੀ ਮਾਰਗ, ਪੂਰਵ ਮਾਰਗ ਅਤੇ ਮੱਧਿਆ ਮਾਰਗ ਤੋਂ ਪ੍ਰਧਾਨ ਮੰਤਰੀ ਦੇ ਲਾਂਘੇ ਦੇ ਪ੍ਰਬੰਧ ਕੀਤੇ ਗਏ ਸਨ। ਇਨ੍ਹਾਂ ਸੜਕਾਂ ’ਤੇ ਪੁਲੀਸ ਵੱਲੋਂ ਆਮ ਲੋਕਾਂ ਨੂੰ ਖੜ੍ਹਾ ਨਹੀਂ ਹੋਣ ਦਿੱਤਾ ਗਿਆ। ਦੂਜੇ ਪਾਸੇ ਤਿੰਨਾਂ ਸੜਕਾਂ ’ਤੇ ਦਿਨ ਭਰ ਪੁਲੀਸ ਦੀ ਗਸ਼ਤ ਰਹਿਣ ਕਾਰਨ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਪਿਆ। ਉੱਥੇ ਹੀ ਕਈਆਂ ਦੇ ਮਨਾਂ ਵਿੱਚ ਦਹਿਸ਼ਤ ਦਾ ਮਾਹੌਲ ਵੀ ਬਣਿਆ ਰਿਹਾ। ਇਸੇ ਕਰਕੇ ਪ੍ਰਧਾਨ ਮੰਤਰੀ ਦੀ ਫੇਰੀ ਸਮੇਂ ਚੰਡੀਗੜ੍ਹੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਖੁੱਡਾ ਲਾਹੌਰਾ, ਖੁੱਡਾ ਜੱਸੂ ਅਤੇ ਸਾਰੰਗਪੁਰ ਵਿੱਚ ਦੁਕਾਨਾਂ ਕਰਵਾਈਆਂ ਬੰਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁੱਲਾਂਪੁਰ ਵਿੱਚ ਫੇਰੀ ਦੇ ਚੱਲਦਿਆਂ ਪੁਲੀਸ ਵੱਲੋਂ ਸੁਰੱਖਿਆ ਵਜੋਂ ਸਖਤ ਪ੍ਰਬੰਧ ਕੀਤੇ ਗਏ ਸਨ। ਪੁਲੀਸ ਵੱਲੋਂ ਪ੍ਰਧਾਨ ਮੰਤਰੀ ਦੇ ਰਾਹ ਵਿੱਚ ਆਉਣ ਵਾਲੇ ਇਲਾਕੇ ਖੁੱਡਾ ਲਾਹੌਰਾ, ਖੁੱਡਾ ਜੱਸੂ ਅਤੇ ਸਾਰੰਗਪੁਰ ਵਿੱਚ ਦੁਕਾਨਾਂ ਤੱਕ ਬੰਦ ਕਰਵਾ ਦਿੱਤੀਆਂ ਗਈਆਂ ਸਨ। ਇਸੇ ਦੌਰਾਨ ਤਿੰਨਾਂ ਪਿੰਡਾਂ ਵਿੱਚ ਪੁਲੀਸ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਤਾਇਨਾਤ ਰਹੇ। ਪ੍ਰਧਾਨ ਮੰਤਰੀ ਨੇ ਭਾਵੇਂ ਮੁੱਲਾਂਪੁਰ ਵਿੱਚ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ ਹੈ, ਜਿਸ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਭ ਮਿਲੇਗਾ। ਦੂਜੇ ਪਾਸੇ ਪ੍ਰਧਾਨ ਮੰਤਰੀ ਦੀ ਫੇਰੀ ਕਾਰਨ ਬਾਜ਼ਾਰ ਤੱਕ ਬੰਦ ਕਰਵਾਉਣ ਦੇ ਫ਼ੈਸਲੇ ਨਾਲ ਨਿੱਤ ਕਮਾ ਕੇ ਗੁਜ਼ਾਰਾ ਕਰਨ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ, ਜੋ ਸਰਕਾਰ ਦੇ ਇਸ ਫੈਸਲੇ ਨੂੰ ਕੋਸ ਰਹੇ ਸਨ।
ਸਿਆਸੀ ਲਾਹਾ ਲੈਣ ਦੀ ਆਗੂਆਂ ’ਚ ਹੋੜ
ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿਊ ਚੰਡੀਗੜ੍ਹ ’ਚ ਲੋਕਾਂ ਨੂੰ ਸਮਰਪਿਤ ਕੀਤੇ ਗਏ ਟਾਟਾ ਮੈਮੋਰੀਅਲ ਸੈਂਟਰ ਦਾ ਸਿਆਸੀ ਲਾਹਾ ਲੈਣ ਲਈ ਰਾਜਨੀਤਕ ਆਗੂਆਂ ’ਚ ਹੋੜ ਜਿਹੀ ਲੱਗ ਗਈ ਹੈ। ਅਕਾਲੀ ਦਲ ਦੇ ਹਲਕਾ ਮੁਹਾਲੀ ਦੇ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਨਿਊ ਚੰਡੀਗੜ੍ਹ ’ਚ ਕੈਂਸਰ ਹਸਪਤਾਲ ਦੇ ਉਦਘਾਟਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਹਸਪਤਾਲ ਅਕਾਲੀ ਸਰਕਾਰ ਦੀ ਦੇਣ ਹੈ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸੁਪਨਮਈ ਪ੍ਰਾਜੈਕਟ ਲਈ 50 ਏਕੜ ਜ਼ਮੀਨ ਦਿੱਤੀ ਸੀ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੈਂਸਰ ਹਸਪਤਾਲ ਬਣਾਉਣ ਦੀ ਪ੍ਰਵਾਨਗੀ ਦੇਣ ਉਪਰੰਤ ਆਪਣੇ ਹੱਥੀਂ ਨੀਂਹ ਪੱਥਰ ਰੱਖਿਆ ਸੀ। ਭਾਜਪਾ ਆਗੂ ਸੰਜੀਵ ਵਸ਼ਿਸ਼ਟ, ਸੁਖਵਿੰਦਰ ਸਿੰਘ ਗੋਲਡੀ, ਅਰੁਣ ਸ਼ਰਮਾ, ਅਸ਼ੋਕ ਝਾਅ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ-ਅੰਦੇਸ਼ੀ ਸੋਚ ਕਾਰਨ ਭਾਰਤ ਸਰਕਾਰ ਦੇ ਪ੍ਰਮਾਣੂ ਊਰਜਾ ਵਿਭਾਗ ਦੇ ਸਹਿਯੋਗ ਨਾਲ ਕੈਂਸਰ ਹਸਪਤਾਲ ਦਾ ਪ੍ਰਾਜੈਕਟ ਨੇਪਰੇ ਹੋਇਆ ਹੈ। ਉਧਰ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਯੂਥ ਆਗੂ ਨਰਪਿੰਦਰ ਸਿੰਘ ਰੰਗੀ, ਜਸਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਕੈਂਸਰ ਹਸਪਤਾਲ ਕਾਂਗਰਸ ਦੀ ਦੇਣ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਬਣਾਉਣ ਦੇ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਸੀ ਤੇ 30 ਦਸੰਬਰ 2013 ’ਚ ਖ਼ੁਦ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸੀ।‘ਆਪ’ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਤੇ ਵਿਨੀਤ ਵਰਮਾ ਨੇ ਕਿਹਾ ਕਿ ਬੇਸ਼ੱਕ ਕੈਂਸਰ ਹਸਪਤਾਲ ਦਾ ਨੀਂਹ ਡਾ. ਮਨਮੋਹਨ ਸਿੰਘ ਨੇ ਰੱਖਿਆ ਸੀ ਤੇ ਅੱਜ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਅਧੂਰੇ ਕੰਮ ਨੂੰ ਜਲਦੀ ਮੁਕੰਮਲ ਕੀਤਾ।