ਕੁਲਦੀਪ ਸਿੰਘ
ਚੰਡੀਗੜ੍ਹ, 2 ਜੁਲਾਈ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗਵਰਨਿੰਗ ਬਾਡੀ ‘ਸਿੰਡੀਕੇਟ’ ਦੀ ਚੋਣ ਪ੍ਰਕਿਰਿਆ ਅੱਜ ਹੋਣੀ ਤੈਅ ਸੀ ਪ੍ਰੰਤੂ ਕਿਸੇ ਵੀ ਦੂਸਰੇ ਗੁੱਟ ਵੱਲੋਂ ਨਾਮਜ਼ਦਗੀ ਦਾਖ਼ਲ ਨਾ ਕੀਤੇ ਜਾਣ ਕਰ ਕੇ ਭਾਜਪਾ ਆਗੂ ਸੱਤਿਆਪਾਲ ਜੈਨ ਦੀ ਅਗਵਾਈ ਵਾਲਾ ਧੜਾ ਵੱਖ-ਵੱਖ ਫੈਕਲਟੀਆਂ ਦੀਆਂ ਸਾਰੀਆਂ 15 ਸੀਟਾਂ ’ਤੇ ਨਿਰਵਿਰੋਧ ਚੁਣ ਲਿਆ ਗਿਆ।
ਚੋਣ ਅਫ਼ਸਰ ਵੱਲੋਂ ਐਲਾਨੇ ਗਏ ਨਤੀਜਿਆਂ ਮੁਤਾਬਕ ਮੈਡੀਕਲ ਸਾਇੰਸਿਜ਼ ਫੈਕਲਟੀ ਤੋਂ ਪ੍ਰੋ. ਸੁਖਬੀਰ ਕੌਰ (ਜ਼ੂਲੋਜੀ ਵਿਭਾਗ), ਡਾ. ਹੇਮੰਤ ਬੱਤਰਾ (ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਿਜ਼ ਤੇ ਹਸਪਤਾਲ), ਲਾਅ ਫੈਕਲਟੀ ਤੋਂ ਪ੍ਰੋ. ਦੇਵਿੰਦਰ ਸਿੰਘ ਤੇ ਭਾਜਪਾ ਆਗੂ ਐਡਵੋਕੇਟ ਦੇਵੇਸ਼ ਮੋਦਗਿੱਲ, ਲੈਂਗੁਏਜਿਜ਼ ਤੋਂ ਪ੍ਰੋ. ਯੋਜਨਾ ਰਾਵਤ (ਯੂਸੋਲ) ਤੇ ਪ੍ਰੋ. ਮੁਕੇਸ਼ ਕੁਮਾਰ ਅਰੋੜਾ, ਆਰਟਸ ਤੋਂ ਪ੍ਰੋ. ਰੁਪਿੰਦਰ ਕੌਰ (ਪ੍ਰਿੰਸੀਪਲ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ), ਡਾ. ਜਗਤਾਰ ਸਿੰਘ (ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ) ਅਤੇ ਡਾ. ਜਯੰਤੀ ਦੱਤਾ (ਐੱਚ.ਆਰ.ਡੀ.ਸੀ.), ਸਾਇੰਸ ਫੈਕਲਟੀ ਤੋਂ ਡਾ. ਬਲਬੀਰ ਚੰਦ ਜੋਸਨ, ਪ੍ਰੋ. ਸਵਿਤਾ ਗੁਪਤਾ (ਯੂਆਈਈਟੀ-ਪੀ.ਯੂ.) ਅਤੇ ਡਾ. ਸੁਰਿੰਦਰ ਸਿੰਘ ਸਾਂਘਾ (ਪ੍ਰਿੰਸੀਪਲ ਦਸਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਬਾਦਲ), ਕੰਬਾਈਂਡ ਫੈਕਲਟੀਜ਼ ਵਿੱਚੋਂ ਸੱਤਿਆਪਾਲ ਜੈਨ (ਐਡੀਸ਼ਨਲ ਸੌਲੀਸਿਟਰ ਜਨਰਲ ਆਫ਼ ਇੰਡੀਆ), ਪ੍ਰੋ. ਪ੍ਰਸ਼ਾਂਤ ਗੌਤਮ (ਯੂਨੀਵਰਸਿਟੀ ਇੰਸਟੀਚਿਊਟ ਆਫ਼ ਹੌਸਪਿਟੈਲਿਟੀ ਐਂਡ ਟੂਰਿਜ਼ਮ ਮੈਨੇਜਮੈਂਟ) ਅਤੇ ਡਾ. ਨੀਰੂ ਮਲਿਕ (ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਸੈਕਟਰ 36-ਬੀ ਚੰਡੀਗੜ੍ਹ) ਨਿਰਵਿਰੋਧ ਚੁਣੇ ਗਏ ਹਨ।
ਚੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਆਗੂ ਸੱਤਿਆਪਾਲ ਜੈਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਸਮੁੱਚੀ ਸਿੰਡੀਕੇਟ ਉੱਤੇ ਕਿਸੇ ਇੱਕ ਧੜੇ ਦਾ ਕਬਜ਼ਾ ਹੋਇਆ ਹੈ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ 15 ਵਿੱਚੋਂ ਛੇ ਸੀਟਾਂ ’ਤੇ ਔਰਤਾਂ ਨੂੰ ਪ੍ਰਤੀਨਿਧਤਾ ਮਿਲੀ ਹੈ। ਉਨ੍ਹਾਂ ਨਵੀਂ ਚੁਣੀ ਹੋਈ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਯੂਨੀਵਰਸਿਟੀ ਦੀ ਬਿਹਤਰੀ ਲਈ ਕੰਮ ਕੀਤੇ ਜਾਣਗੇ।
ਗੋਇਲ ਗਰੁੱਪ ਨੇ ਸਿੰਡੀਕੇਟ ਚੋਣ ਤੋਂ ਕੀਤਾ ਕਿਨਾਰਾ
ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸੈਨੇਟ ਅਤੇ ਸਿੰਡੀਕੇਟ ਉੱਤੇ ਰਾਜ ਕਰਦੇ ਆ ਰਹੇ ਗੋਇਲ ਗਰੁੱਪ ਨੇ ਇਸ ਵਾਰ ਸਿੰਡੀਕੇਟ ਚੋਣ ਵਿੱਚ ਹਿੱਸਾ ਲੈਣ ਤੋਂ ਕਿਨਾਰਾ ਕੀਤਾ ਅਤੇ ਕੋਈ ਵੀ ਉਮੀਦਵਾਰ ਕਿਸੇ ਵੀ ਸੀਟ ’ਤੇ ਖੜ੍ਹਾ ਨਹੀਂ ਕੀਤਾ। ਇਸ ਦਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸੇ ਸਾਲ ਹੋਈਆਂ ‘ਸੈਨੇਟ’ ਚੋਣਾਂ ਵਿੱਚ ਤਾਕਤਵਰ ਧੜੇ ਵਜੋਂ ਮੰਨੇ ਜਾਂਦੇ ਗੋਇਲ-ਚਤਰਥ ਗਰੁੱਪ ਨੇ ਛੇ ਫੈਕਲਟੀਜ਼ ਉੱਤੇ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਸੀ। ਪੀ.ਯੂ. ਅਥਾਰਿਟੀ ਨੂੰ ਇਸ ਧੜੇ ਦੀ ਜਿੱਤ ਕਾਫ਼ੀ ਖਟਕੀ ਅਤੇ ਸਿਰਫ਼ ਇਨ੍ਹਾਂ ਛੇ ਫੈਕਲਟੀਜ਼ ਦੇ ਨਤੀਜਿਆਂ ਵਿੱਚ ਹੀ ਗੜਬੜੀ ਦੀ ਸ਼ੰਕਾ ਜਤਾਉਂਦਿਆਂ ਵਾਈਸ ਚਾਂਸਲਰ ਦਫ਼ਤਰ ਵੱਲੋਂ ਛੇ ਮਹੀਨਿਆਂ ਬਾਅਦ ਫੈਕਲਟੀ ਚੋਣਾਂ ਦੇ ਨਤੀਜੇ ਰੱਦ ਕਰ ਦਿੱਤੇ ਗਏ ਸਨ। ਅੱਜ ਸਿੰਡੀਕੇਟ ਦੀ ਚੋਣ ਦੌਰਾਨ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਜੇਕਰ ਗੋਇਲ-ਚਤਰਥ ਗਰੁੱਪ ਵੀ ਚੋਣਾਂ ਵਿੱਚ ਹਿੱਸਾ ਲੈਂਦਾ ਤਾਂ ਸ਼ਾਇਦ ਚੋਣ ਨਤੀਜੇ ਕੁਝ ਹੋਰ ਹੁੰਦੇ। ਸੈਨੇਟਰ ਹਰਪ੍ਰੀਤ ਸਿੰਘ ਦੂਆ ਨੇ ਚੋਣਾਂ ਵਿੱਚ ਹਿੱਸਾ ਨਾ ਲੈਣ ਬਾਰੇ ਦੱਸਿਆ ਕਿ ਜਦੋਂ ਪੀ.ਯੂ. ਵਿੱਚ ਸ਼ਰੇਆਮ ਤਾਨਾਸ਼ਾਹੀ ਹੀ ਕੀਤੀ ਜਾ ਰਹੀ ਹੈ ਅਤੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਹਰ ਕੰਮ ਲਈ ਅਦਾਲਤਾਂ ਵਿੱਚ ਜਾਣਾ ਪੈ ਰਿਹਾ ਹੈ ਅਤੇ ਵਾਈਸ ਚਾਂਸਲਰ ਦਫ਼ਤਰ ਆਪਣੀ ਮਨਮਰਜ਼ੀ ਨਾਲ ਫੈਸਲੇ ਲੈ ਰਿਹਾ ਹੋਵੇ ਤਾਂ ਅਜਿਹੇ ਵਿੱਚ ਅਥਾਰਿਟੀ ਕੋਲੋਂ ਇਨਸਾਫ਼ ਦਾ ਆਸ ਨਹੀਂ ਕੀਤੀ ਜਾ ਸਕਦੀ ਹੈ।