ਕਰਮਜੀਤ ਸਿੰਘ ਚਿੱਲਾ
ਬਨੂੜ, 9 ਅਪਰੈਲ
ਨਗਰ ਕੌਂਸਲ ਬਨੂੜ ਦੀ ਅੱਜ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਦੀ ਨਿਗਰਾਨੀ ਹੇਠ ਹੋਈ ਨਿਰਵਿਰੋਧ ਚੋਣ ਵਿੱਚ ਜਗਤਾਰ ਸਿੰਘ ਕੰਬੋਜ ਪ੍ਰਧਾਨ ਤੇ ਜਗਦੀਸ਼ ਕਾਲਾ ਉੱਪ ਪ੍ਰਧਾਨ ਚੁਣੇ ਗਏ। ਮੀਟਿੰਗ ਵਿੱਚ ਕਾਂਗਰਸ ਦੇ 12 ਕੌਂਸਲਰਾਂ ਅਤੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਸਣੇ ਅਕਾਲੀ ਦਲ ਦਾ ਇਕਲੌਤਾ ਕੌਂਸਲਰ ਲਛਮਣ ਸਿੰਘ ਚੰਗੇਰਾ ਵੀ ਹਾਜ਼ਰ ਸਨ। ਕੌਂਸਲ ਦੀਆਂ 13 ਸੀਟਾਂ ਵਿੱਚੋਂ 6 ਮਹਿਲਾ ਕੌਂਸਲਰਾਂ ਦੇ ਬਾਵਜੂਦ ਔਰਤਾਂ ਨੂੰ ਕੋਈ ਪ੍ਰਤੀਨਿਧਤਾ ਨਹੀਂ ਮਿਲੀ।
ਦੋਵੇਂ ਅਹੁਦੇਦਾਰਾਂ ਲਈ ਚੋਣ ਦਾ ਅਮਲ ਦੁਪਹਿਰ ਇੱਕ ਵਜੇ ਆਰੰਭ ਹੋਇਆ ਅਤੇ ਚਾਰ ਮਿੰਟਾਂ ਵਿੱਚ ਚੋਣ ਮੁਕੰਮਲ ਹੋ ਗਈ। ਕੌਂਸਲ ਦੇ ਪ੍ਰਧਾਨ ਦੇ ਅਹੁਦੇ ਲਈ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਜਗਤਾਰ ਸਿੰਘ ਕੰਬੋਜ ਦਾ ਨਾਂ ਪੇਸ਼ ਕੀਤਾ ਤੇ ਭਜਨ ਲਾਲ ਉੱਤਮ ਨੇ ਇਸ ਦੀ ਤਾਈਦ ਕੀਤੀ। ਉੱਪ ਪ੍ਰਧਾਨ ਦੇ ਅਹੁਦੇ ਲਈ ਸੁਰਿੰਦਰ ਸਿੰਘ ਸੋਨੀ ਸੰਧੂ ਨੇ ਜਗਦੀਸ਼ ਕਾਲਾ ਦਾ ਨਾਂ ਪੇਸ਼ ਕੀਤਾ ਅਤੇ ਬਲਜੀਤ ਸਿੰਘ ਨੇ ਇਸ ਦੀ ਤਾਈਦ ਕੀਤੀ। ਦੋਵੇਂ ਅਹੁਦੇਦਾਰ ਨਿਰਵਿਰੋਧ ਚੁਣੇ ਗਏ। ਮੀਡੀਆ ਵੱਲੋਂ ਔਰਤਾਂ ਨੂੰ ਪ੍ਰਤੀਨਿਧਤਾ ਨਾ ਦੇਣ ਸਬੰਧੀ ਪੁੱਛੇ ਜਾਣ ’ਤੇ ਵਿਧਾਇਕ ਕੰਬੋਜ ਨੇ ਆਖਿਆ ਕਿ ਉਨ੍ਹਾਂ ਨੂੰ ਅਗਲੀ ਵਾਰ ਪ੍ਰਤੀਨਿਧਤਾ ਦੇ ਦਿੱਤੀ ਜਾਵੇਗੀ।
ਪ੍ਰੀਤੀ ਵਾਲੀਆ ਸਮਰਥਕਾਂ ਸਮੇਤ ਵਾਪਸ ਪਰਤੇ
ਕੌਂਸਲ ਪ੍ਰਧਾਨ ਦੀ ਪ੍ਰਮੁੱਖ ਦਾਅਵੇਦਾਰ ਸ਼ਹਿਰੀ ਮਹਿਲਾ ਕਾਂਗਰਸ ਦੀ ਪ੍ਰਧਾਨ ਪ੍ਰੀਤੀ ਵਾਲੀਆ ਚੋਣ ਅਮਲ ਤੋਂ ਤੁਰੰਤ ਬਾਅਦ ਮੌਕੇ ਤੋਂ ਚਲੇ ਗਏ। ਉਨ੍ਹਾਂ ਦੀਆਂ ਵੱਡੀ ਗਿਣਤੀ ਵਿੱਚ ਸਮਰਥਕ ਮਹਿਲਾਵਾਂ ਅਤੇ ਵਾਰਡ ਵਾਸੀ ਵੀ ਮੌਕੇ ਉੱਤੋਂ ਤੁਰੰਤ ਪ੍ਰੀਤੀ ਵਾਲੀਆ ਨਾਲ ਵਾਪਸ ਚਲੇ ਗਏ।