ਮੋਰਿੰਡਾ (ਸੰਜੀਵ ਤੇਜਪਾਲ): ਟਿਕਟ ਨਾ ਮਿਲਣ ਲਈ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਚੰਨੀ ਨੂੰ ਵੋਟਾਂ ਨਾ ਪਾਉਣ। ਉਨ੍ਹਾਂ ਐਲਾਨ ਕੀਤਾ ਕਿ ਉਹ ਟਿਕਟ ਕੱਟੇ ਜਾਣ ਦਾ ਬਦਲਾ ਲੈਣਗੇ। ਉਨ੍ਹਾਂ ਨੇ ਖਰੜ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਿਜੈ ਕੁਮਾਰ ਟਿੰਕੂ ’ਤੇ ਵੀ ਗੰਭੀਰ ਦੋਸ਼ ਲਗਾਏ। ਸ੍ਰੀ ਕੰਗ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭੂ-ਮਾਫੀਆ ਕਾਰੋਬਾਰ ਵਿੱਚ ਕਥਿਤ ਵਾਧਾ ਕਰਨ ਲਈ ਖਰੜ ਤੋਂ ਨਰਮ ਵਿਧਾਇਕ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਪਿੰਡ ਬੂਰਮਾਜਰਾ, ਸਮਾਣਾ ਕਲਾਂ ਅਤੇ ਚਮਕੌਰ ਸਾਹਿਬ ਵਿੱਚ ਵੀ ਜਲਦੀ ਹੀ ਮੀਟਿੰਗਾਂ ਕਰਨਗੇ ਅਤੇ ਮੁੱਖ ਮੰਤਰੀ ਨੂੰ ਹਰਾਉਣ ਲਈ ਪੂਰੀ ਵਾਹ ਲਾਉਣਗੇ। ਸ੍ਰੀ ਕੰਗ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਯਾਦਵਿੰਦਰ ਸਿੰਘ ਕੰਗ ਖਰੜ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ। ਇਸ ਮੌਕੇ ਸਾਬਕਾ ਕੌਂਸਲਰ ਹਰਦੇਵ ਸਿੰਘ, ਰਜਿੰਦਰ ਕੁਮਾਰ ਬੱਬਾ, ਕੇਸਰ ਸਿੰਘ ਸਰਪੰਚ ਸਮਾਣਾ ਕਲਾਂ, ਸ਼ੇਰ ਸਿੰਘ, ਕੁਲਵੀਰ ਸਿੰਘ ਦਾਤਾਰਪੁਰ, ਸੋਹਣ ਸਿੰਘ ਪੰਜਕੋਹਾ, ਗੁਰਬਖਸ਼ ਸਿੰਘ ਡੂਮਛੇੜੀ, ਐੱਚਐੱਸ ਚੰਨੀ ਨੰਬਰਦਾਰ ਆਦਿ ਹਾਜ਼ਰ ਸਨ।