ਮਿਹਰ ਸਿੰਘ
ਕੁਰਾਲੀ, 27 ਜਨਵਰੀ
ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਮੰਨੇ ਜਾਂਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਦੀ ਹਲਕਾ ਖਰੜ ਤੋਂ ਟਿਕਟ ਕੱਟੇ ਜਾਣ ਤੋਂ ਬਾਅਦ ਸ੍ਰੀ ਕੰਗ ਨੇ ਬਲਾਕ ਮਾਜਰੀ ਵਿੱਚ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ। ਸ੍ਰੀ ਕੰਗ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਟਿਕਟ ਕਟਾਏ ਜਾਣ ਦਾ ਕਥਿਤ ਦੋਸ਼ ਲਗਾਉਂਦਿਆਂ ਹਰ ਹਾਲ ਚੋਣ ਲੜਨ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿੱਚ ਜਾ ਕੇ ਸ੍ਰੀ ਚੰਨੀ ਵਿਰੁੱਧ ਪ੍ਰਚਾਰ ਕਰਨ ਦਾ ਸੱਦਾ ਦਿੱਤਾ।
ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕੰਗ ਨੇ ਕਿਹਾ ਕਿ ਪਾਰਟੀ ਵਲੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ ਵਿਜੇ ਕੁਮਾਰ ਟਿੰਕੂ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਖ਼ਿਲਾਫ਼ ‘ਪਾਪੀ’ ਅਤੇ ‘ਚੋਰ’ ਜਿਹੇ ਤਿੱਖੇ ਸ਼ਬਦਾਂ ਦੀ ਵਰਤੋਂ ਵੀ ਕੀਤੀ। ਸ੍ਰੀ ਕੰਗ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਉਨ੍ਹਾਂ ਦੇ ਹੱਕ ਵਿੱਚ ਸੀ ਪਰ ਮੁੱਖ ਮੰਤਰੀ ਸ੍ਰੀ ਚੰਨੀ ਅਤੇ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਥਿਤ ਤੌਰ ’ਤੇ ਕਿੱੜ ਕੱਢਣ ਲਈ ਉਨ੍ਹਾਂ ਦੀ ਟਿਕਟ ਕਟਵਾਈ ਹੈ। ਸ੍ਰੀ ਕੰਗ ਨੇ ਦਾਅਵਾ ਕੀਤਾ ਕਿ ਉਹ ਹਲਕੇ ਨਾਲ ਜੁੜੇ ਰਹਿਣਗੇ। ਸ੍ਰੀ ਕੰਗ ਨੇ ਕਿਹਾ ਕਿ ਕਈ ਪਾਰਟੀਆਂ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਉਹ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਨ ਉਪਰੰਤ ਹਰ ਹਾਲ ਵਿੱਚ ਚੋਣ ਲੜਨਗੇ। ਇਸ ਮੌਕੇ ਬੋਲਦਿਆਂ ਸ੍ਰੀ ਕੰਗ ਦੇ ਪੁੱਤਰ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਯਾਦਵਿੰਦਰ ਸਿੰਘ ਬੰਨੀ ਕੰਗ ਨੇ ਕਿਹਾ ਕਿ ਸ੍ਰੀ ਕੰਗ ਨੇ ਕਾਂਗਰਸ ਪਾਰਟੀ ਲਈ 47 ਸਾਲ ਕੰਮ ਕੀਤਾ ਹੈ। ਉਹ ਕਿਸੇ ਪਾਰਟੀ ਜਾਂ ਟਿਕਟ ਦੇ ਮੁਥਾਜ ਨਹੀਂ ਹਨ। ਇਸੇ ਦੌਰਾਨ ਕੰਗ ਸਮਰਥਕਾਂ ਨੇ ਪਾਰਟੀ ਹਾਈਕਮਾਂਡ ਖ਼ਿਲਾਫ਼ ਭੜਾਸ ਕੱਢਦਿਆਂ ਹਰ ਸੂਰਤ ਵਿੱਚ ਚੋਣ ਲੜਨ ਦੀ ਅਪੀਲ ਕੀਤੀ। ਇਸੇ ਦੌਰਾਨ ਸਿਟੀ ਕਾਂਗਰਸ ਦੇ ਪ੍ਰਧਾਨ ਨੰਦੀਪਾਲ ਬਾਂਸਲ ਦੀ ਅਗਵਾਈ ਵਿੱਚ ਸ਼ਹਿਰ ਦੇ ਕਾਂਗਰਸੀ ਕੌਂਸਲਰਾਂ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਗਊ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਕਮਲਜੀਤ ਚਾਵਲਾ, ਨੰਦੀਪਾਲ ਬਾਂਸਲ, ਕੌਂਸਲਰ ਬਹਾਦਰ ਸਿੰਘ ਓਕੇ ਤੇ ਭਾਰਤ ਭੂਸ਼ਨ ਅਤੇ ਸਾਬਕਾ ਕੌਂਸਲਰ ਸ਼ਿਵ ਵਰਮਾ ਆਦਿ ਨੇ ਵਿਜੇ ਕੁਮਾਰ ਟਿੰਕੂ ਨੂੰ ਟਿਕਟ ਦਿੱਤੇ ਜਾਣ ਦੀ ਸ਼ਲਾਘਾ ਕਰਦਿਆਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਸ੍ਰੀ ਕੰਗ ਵਲੋਂ ਆਜ਼ਾਦ ਚੋਣ ਲੜਨ ਅਤੇ ਮੁੱਖ ਮੰਤਰੀ ਸ੍ਰੀ ਚੰਨੀ ਖ਼ਿਲਾਫ਼ ਕੀਤੀਆਂ ਟਿੱਪਣੀਆਂ ਨੂੰ ਮੰਦਭਾਗਾ ਦੱਸਿਆ। ਸ੍ਰੀ ਕੰਗ ਦੀ ਟਿਕਟ ਕੱਟੇ ਜਾਣ ਨੂੰ ਲੈ ਕੇ ਸ਼ਹਿਰ ਦੇ ਵਾਰਡ ਨੰਬਰ 12 ਤੋਂ ਚੋਣ ਲੜਨ ਵਾਲੇ ‘ਆਪ’ ਆਗੂ ਗੁਰਪਾਲ ਸਿੰਘ ਨੇ ਲੱਡੂ ਵੰਡੇ।
ਹਲਕਾ ਖਰੜ ਤੋਂ ਕਾਂਗਰਸੀ ਉਮੀਦਵਾਰ ਵਿਜੇ ਕੁਮਾਰ ਟਿੰਕੂ ਦਾ ਸਵਾਗਤ
ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੀ ਟਿਕਟ ਮਿਲਣ ਉਪਰੰਤ ਕੁਰਾਲੀ ਪੁੱਜੇ ਵਿਜੇ ਕੁਮਾਰ ਟਿੰਕੂ ਦਾ ਸਥਾਨਕ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਾਨਦਾਰ ਸਵਾਗਤ ਕੀਤਾ। ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਵਿਜੇ ਕੁਮਾਰ ਟਿੰਕੂ ਨੇ ਸ਼ਹਿਰ ਦਾ ਦੌਰਾ ਕਰਦਿਆਂ ਪ੍ਰਾਚੀਨ ਡੇਰਾ ਗੁਸਾਈਂਆਣਾ ਅਤੇ ਡੇਰਾ ਕੈਲਾਸ਼ ਧਾਮ ਨਦੀ ਪਾਰ ਵਿਖੇ ਮੱਥਾ ਟੇਕਿਆ। ਇਸ ਮੌਕੇ ਬਾਬਾ ਧਨਰਾਜ ਗਿਰ ਜੀ ਨੇ ਵਿਜੇ ਕੁਮਾਰ ਟਿੰਕੂ ਨੂੰ ਅਸ਼ੀਰਵਾਦ ਦਿੱਤਾ। ਸਥਾਨਕ ਸਿਟੀ ਕਾਂਗਰਸ ਦੇ ਪ੍ਰਧਾਨ ਨੰਦੀਪਾਲ ਬਾਂਸਲ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਨੇ ਵਿਜੇ ਕੁਮਾਰ ਟਿੰਕੂ ਦਾ ਸਵਾਗਤ ਕੀਤਾ। ਸ੍ਰੀ ਟਿੰਕੂ ਗਊ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਕਮਲਜੀਤ ਚਾਵਲਾ ਨੂੰ ਵੀ ਮਿਲੇ। ਕਮਲਜੀਤ ਚਾਵਲਾ ਨੇ ਟਿਕਟ ਨਾ ਮਿਲਣ ਦੇ ਬਾਵਜੂਦ ਵਿਜੇ ਕੁਮਾਰ ਟਿੰਕੂ ਦਾ ਸਾਥ ਦੇਣ ਦਾ ਐਲਾਨ ਕੀਤਾ। ਇਸੇ ਦੌਰਾਨ ਸਿਟੀ ਕਾਂਗਰਸ ਦੇ ਪ੍ਰਧਾਨ ਨੰਦੀਪਾਲ ਬਾਂਸਲ, ਪੰਜਾਬ ਕਾਂਗਰਸ ਦੇ ਸਕੱਤਰ ਰਕੇਸ਼ ਕਾਲੀਆ, ਕੌਂਸਲਰ ਬਹਾਦਰ ਸਿੰਘ ਓਕੇ, ਭਾਰਤ ਭੂਸ਼ਨ ਵਰਮਾ ਅਤੇ ਹੋਰਨਾਂ ਨੇ ਵਿਜੇ ਕੁਮਾਰ ਟਿੰਕੂ ਦਾ ਸਵਾਗਤ ਕਰਦਿਆਂ ਹਾਈ ਕਮਾਂਡ ਦਾ ਧੰਨਵਾਦ ਕੀਤਾ।
ਮੋਰਿੰਡਾ (ਸੰਜੀਵ ਤੇਜਪਾਲ): ਖਰੜ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਿਜੇ ਕੁਮਾਰ ਟਿੰਕੂ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਤਿੰਨ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ
ਖਰੜ (ਸ਼ਸ਼ੀਪਾਲ ਜੈਨ): ਖਰੜ ਵਿਧਾਨ ਸਭਾ ਹਲਕੇ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਮਜ਼ਦਗੀ ਕਾਗਜ਼ਾਤ ਦਾਖਲ ਕੀਤੇ। ਐੱਸਡੀਐੱਮ ਅਵੀਕੇਸ਼ ਗੁਪਤਾ ਦੇ ਦਫਤਰ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਸ਼ਾਮਲ ਸਨ। ਇਸੇ ਤਰ੍ਹਾਂ ਮਨਵੀਰ ਸਿੰਘ ਨਾਂ ਦੇ ਉਮੀਦਵਾਰ ਵੱਲੋਂ ਵੀ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ਾਤ ਭਰੇ ਗਏ ਹਨ।