ਪੱਤਰ ਪ੍ਰੇਰਕ
ਬਨੂੜ, 15 ਅਪਰੈਲ
ਵਿਧਾਇਕਾ ਨੀਨਾ ਮਿੱਤਲ ਨੇ ਅੱਜ ਕਿਹਾ ਕਿ ਰਵਾਇਤੀ ਪਾਰਟੀ ਵੱਲੋਂ ਸਿਸਟਮ ਦੇ ਉਲਝਾਏ ਹੋਏ ਤਾਣੇ ਨੂੰ ਵਿਉਂਤਬੰਦ ਕਰਨ ਲਈ ਹਲਕੇ ਦੇ ਲੋਕ ਉਨ੍ਹਾਂ ਨੂੰ ਕੁੱਝ ਸਮਾਂ ਦੇਣ ਅਤੇ ਲੋਕਾਂ ਦੀ ਕੋਈ ਸ਼ਿਕਾਇਤ ਬਾਕੀ ਨਹੀਂ ਰਹੇਗੀ। ਉਹ ਇੱਥੋਂ ਦੀ ਟਰੱਕ ਅਪਰੇਟਰਜ਼ ਯੂਨੀਅਨ ਦੀ ਨਵੀਂ ਚੁਣੀ ਗਈ ਕਮੇਟੀ ਵੱਲੋਂ ਸਰਬੱਤ ਦੇ ਭਲੇ ਲਈ ਕਰਾਏ ਗਏ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਟਰੱਕ ਯੂਨੀਅਨ ਦੇ ਨਵਨਿਯੁਕਤ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ, ਚੇਅਰਮੈਨ ਬਲਵਿੰਦਰ ਸਿੰਘ ਗੁੱਲੀ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਛਿੰਦਾ, ਮੀਤ ਪ੍ਰਧਾਨ ਅਮਰੀਕ ਸਿੰਘ ਧਰਮਗੜ੍ਹ, ਸਾਧੂ ਸਿੰਘ ਖਲੌਰ, ਮਨਜੀਤ ਸਿੰਘ ਜਲਾਲਪੁਰ, ਪਵਿੱਤਰ ਸਿੰਘ ਨੇ ਹਲਕਾ ਵਿਧਾਇਕ ਨੀਨਾ ਮਿੱਤਲ, ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਦਿਲਬਾਗ ਸਿੰਘ ਬਾਗਾ, ਬਾਬਾ ਗੁਰਦੇਵ ਸਿੰਘ ਦਾ ਸਨਮਾਨ ਕੀਤਾ। ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਹਰ ਮਹੀਨੇ ਅਪਰੇਟਰਾਂ ਨੂੰ ਯੂਨੀਅਨ ਦਾ ਹਿਸਾਬ ਦਿੱਤਾ ਜਾਵੇਗਾ ਅਤੇ ਟਰੱਕ ਅਪਰੇਟਰਾਂ ਦੀ ਭਲਾਈ ਲਈ ਕੰਮ ਕੀਤਾ ਜਾਵੇਗਾ।