ਮੁਕੇਸ਼ ਕੁਮਾਰ
ਚੰਡੀਗੜ੍ਹ, 25 ਅਗਸਤ
ਵਿੱਤ ਅਤੇ ਠੇਕਾ ਕਮੇਟੀ ਨੇ ਲੰਘੇ ਦਿਨ ਇਥੋਂ ਦੇ ਸੈਕਟਰ 23 ਸਥਿਤ ਰੇਹੜੀ ਮਾਰਕੀਟ ਦੇ ਸ਼ੈੱਡਾਂ ਦੇ ਕਿਰਾਏ ਨੂੰ ਵਧਾਊਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੀ ਸੀ। ਇਸ ਮੀਟਿੰਗ ਦੀ ਪ੍ਰਧਾਨਗੀ ਮੇਅਰ ਰਾਜ ਬਾਲਾ ਮਲਿਕ ਨੇ ਕੀਤੀ ਸੀ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਊਨ੍ਹਾਂ ਕਿਹਾ ਕਿ ਸਾਲ 1971 ਵਿੱਚ ਅਲਾਟਮੈਂਟ ਤੋਂ ਬਾਅਦ ਇਨ੍ਹਾਂ ਸ਼ੈੱਡਾਂ ਦਾ ਕਿਰਾਇਆ ਹੁਣ ਤੱਕ 14 ਰੁਪਏ ਹੀ ਸੀ ਅਤੇ ਅਜੋਕੇ ਸਮੇਂ ਵਿੱਚ ਇੰਨਾ ਘੱਟ ਕਿਰਾਇਆ ਜਾਇਜ਼ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ੈਡਾਂ ਦਾ ਕਿਰਾਇਆ ਇਕਦਮ ਵਧਾ ਕੇ 17 ਹਜ਼ਾਰ ਕਰਨਾ ਵੀ ਠੀਕ ਨਹੀਂ ਹੈ। ਉਨਾਂ ਕਿਹਾ ਕਿ ਕਰੋਨਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਨਿਗਮ ਨੂੰ ਕਿਰਾਇਆ ਵਧਾਉਣ ਦਾ ਫੈਸਲਾ ਨਹੀਂ ਲੈਣਾ ਚਾਹੀਦਾ ਸੀ। ਸ਼੍ਰੀ ਸੂਦ ਨੇ ਕਿਹਾ ਕਿ ਉਹ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕਰਣਗੇ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਪਿਛਲੇ ਦਿਨ ਹੋਈ ਮੀਟਿੰਗ ਦੌਰਾਨ ਇਨ੍ਹਾਂ ਬੂਥਾਂ ਦਾ ਕਿਰਾਇਆ 14 ਰੁਪਏ ਪ੍ਰਤੀ ਮਹੀਨੇ ਤੋਂ ਵਧਾਕੇ 17000 ਰੁਪਏ ਕਰ ਦਿੱਤਾ ਹੈ। ਜੀਐਸਟੀ ਨੂੰ ਜੋੜ ਕੇ ਇਹ ਕਿਰਾਇਆ ਹੋਰ ਵੀ ਵੱਧ ਜਾਂਦਾ ਹੈ।
ਮੱਛੀ ਮਾਰਕੀਟ ਦੇ ਬੂਥਾਂ ਦੀ ਨਿਲਾਮੀ ਅੱਜ
ਚੰਡੀਗੜ੍ਹ ਨਗਰ ਨਿਗਮ ਵੱਲੋਂ 26 ਅਗਸਤ ਨੂੰ ਸੈਕਟਰ 41 ਦੀ ਮੱਛੀ ਮਾਰਕੀਟ ਦੇ ਬੂਥਾਂ ਦੀ ਖੁੱਲੀ ਨਿਲਾਮੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਕਈਂ ਵਾਰ ਮੱਛੀ ਮਾਰਕੀਟ ਦੇ ਬੂਥਾਂ ਦੀ ਨਿਲਾਮੀ ਕੀਤੀ ਗਈ ਹੈ ਪਰ ਸਫਲਤਾ ਨਹੀਂ ਮਿਲੀ। ਨਿਲਾਮੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ 50 ਹਾਜ਼ਰ ਰੁਪਏ ਪੇਸ਼ਗੀ ਰਕਮ ਮੌਕੇ ’ਤੇ ਦੇਣੀ ਪਵੇਗੀ। ਇਸ ਮਾਰਕੀਟ ਵਿੱਚ 20 ਬੂਥ ਅਤੇ ਇਕ ਚਿਲਿੰਗ ਰੂਮ ਹੈ। ਨਿਗਮ ਵੱਲੋਂ ਇਨ੍ਹਾਂ ਬੂਥਾਂ ਅਤੇ ਚਿਲਿੰਗ ਰੂਮ ਲਈ ਰਾਖਵੀਂਆਂ ਕੀਮਤਾਂ ਤੈਅ ਕਰ ਦਿੱਤੀਆਂ ਗਈਆਂ ਹਨ। ਨਿਗਮ ਅਨੁਸਾਰ ਇਨ੍ਹਾਂ ਬੂਥਾਂ ਨੂੰ ਸ਼ੁਰੂ ਵਿੱਚ 5 ਸਾਲਾਂ ਲਈ ਅਲਾਟ ਕੀਤਾ ਜਾਵੇਗਾ।