ਮੁਕੇਸ਼ ਕੁਮਾਰ
ਚੰਡੀਗੜ੍ਹ , 29 ਜੂਨ
ਚੰਡੀਗੜ੍ਹ ਨਗਰ ਨਿਗਮ ਆਰਥਿਕ ਤੰਗੀ ਕਾਰਨ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਦੁਵਿਧਾ ਵਿੱਚ ਹੈ। ਨਿਗਮ ਅਨੁਸਾਰ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਤੇ ਹੋਰ ਖਰਚੇ ਕੱਢਣ ਤੋਂ ਬਾਅਦ ਨਿਗਮ ਦੇ ਖਜ਼ਾਨੇ ਵਿੱਚ ਸਿਰਫ਼ 67 ਕਰੋੜ ਰੁਪਏ ਹੀ ਬਚਦੇ ਹਨ, ਜੋ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਨਾਕਾਫ਼ੀ ਹਨ।
ਨਿਗਮ ਹਾਊਸ ਦੀ ਅੱਜ ਹੋਈ ਮੀਟਿੰਗ ਦੌਰਾਨ ਨਿਗਮ ਦੇ ਆਰਥਿਕ ਹਾਲਾਤ ’ਤੇ ਚਰਚਾ ਕੀਤੀ ਗਈ। ਮੇਅਰ ਰਾਜ ਬਾਲਾ ਮਲਿਕ ਵੱਲੋਂ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸੱਦੀ ਹਾਊਸ ਦੀ ਮੀਟਿੰਗ ਦੌਰਾਨ ਭਵਿੱਖ ਵਿੱਚ ਵਿੱਚ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਨਿਗਮ ਵੱਲੋਂ ਸੈਕਟਰ 39 ਸਥਿੱਤ ਜਲਘਰ ਦੀ ਸਟੋਰੇਜ ਸਮਰਥਾ ਵਧਾਏ ਜਾਣ ਦੇ ਮਤੇ ਨੂੰ ਪਾਸ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਨਿਗਮ ਹਾਊਸ ਨੇ ਫੈਸਲਾ ਕੀਤਾ ਕਿ ਸ਼ਹਿਰ ਦੀਆਂ ਵੱਖ ਵੱਖ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਵਲੋਂ ਸਾਂਭ ਸੰਭਾਲ ਕੀਤੇ ਜਾ ਰਹੇ ਪਾਰਕਾਂ ਦੀ ਰਹਿੰਦ ਖੂਹੰਦ ਨੂੰ ਨਿਗਮ ਵਲੋਂ ਚੁੱਕਿਆ ਜਾਵੇਗਾ। ਮੀਟਿੰਗ ਦੌਰਾਨ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਆਪਣੀ ਮੰਡੀ ਬੰਦ ਹੋਣ ਕਰਕੇ ਕਿਸਾਨਾਂ ਦੀ ਰੋਜ਼ੀ ਰੋਟੀ ਬੰਦ ਹੋ ਗਈ ਹੈ ਅਤੇ ਆਪਣੀ ਮੰਡੀ ਮੁੜ ਤੋਂ ਸ਼ੁਰੂ ਕਰਨ ਵਿਚਾਰ ਕਰਨਾ ਚਾਹੀਦਾ ਹੈ। ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕਰੋਨਾ ਵਾਇਰਸ ਦੇ ਖਤਰੇ ਦੀ ਦਲੀਲ ਦਿੰਦੇ ਹੋਏ ਇਹ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸਤੋਂ ਇਲਾਵਾ ਮੀਟਿੰਗ ਦੌਰਾਨ ਸ਼ਹਿਰ ਦੇ 55 ਜਨਤਕ ਪਖਾਨਿਆਂ ਨੂੰ ਇੱਕ ਸਾਲ ਦੀ ਥਾਂ ਪੰਜ ਸਾਲ ਲਈ ਠੇਕੇ ’ਤੇ ਦੇਣ ਦੇ ਮਤੇ ਨੂੰ ਵੀ ਪਾਸ ਕਰ ਦਿੱਤਾ ਗਿਆ। ਮੀਟਿੰਗ ਦੌਰਾਨ ਨਾਰੀਅਲ ਵੈਂਡਰਾਂ ਦਾ ਠੇਕਾ ਅਗਲੇ ਸਾਲ 31 ਮਾਰਚ ਤੱਕ ਵਧਾਉਣ ਦਾ ਫੈਸਲਾ ਵੀ ਕੀਤਾ ਗਿਆ।
ਬਹਿਸਬਾਜ਼ੀ ਦੀ ਭੇਟ ਚੜ੍ਹੀ ਮੀਟਿੰਗ
ਨਿਗਮ ਦੀ ਮੀਟਿੰਗ ਦੇ ਸਿਫ਼ਰ ਕਾਲ ਦੌਰਾਨ ਡੱਡੂ ਮਾਜਰਾ ਵਿੱਚ ਮਰੇ ਹੋਏ ਜਾਨਵਰਾਂ ਲਈ ਸਥਾਪਿਤ ਕੀਤੇ ਜਾਣ ਵਾਲੇ ਪਲਾਂਟ ਨੂੰ ਲੈ ਕੇ ਕੌਂਸਲਰ ਖਹਬਿੜਦੇ ਰਹੇ। ਭਾਜਪਾ ਦੇ ਆਪਣੇ ਹੀ ਕੌਂਸਲਰ ਰਾਜੇਸ਼ ਕੁਮਾਰ ਕਾਲੀਆ, ਅਰੁਣ ਸੂਦ, ਅਨਿਲ ਕੁਮਾਰ ਦੁੱਬੇ ਤੇ ਦਵੇਸ਼ ਮੌਦਗਿਲ ਆਪਣੇ ਆਪਣੇ ਵਾਰਡ (ਡੱਡੂ ਮਾਜਰਾ ਅਤੇ ਸਨਅਤੀ ਖੇਤਰ) ਵਿੱਚ ਇਹ ਪਲਾਂਟ ਲਗਾਉਣ ਦਾ ਵਿਰੋਧ ਕੀਤਾ। ਇਸ ਮੁੱਦੇ ’ਤੇ ਸਿਫ਼ਰ ਕਾਲ ਦੌਰਾਨ ਸ਼ੁਰੂ ਬਹਿਸਬਾਜ਼ੀ ਕਾਰਨ ਹਾਊਸ ਮੀਟਿੰਗ ਰਾਤ ਸਾਢੇ ਅੱਠ ਵਜੇ ਖਤਮ ਹੋਈ। ਪਲਾਂਟ ਕਿਥੇ ਲਗੇਗਾ, ਇਸ ਬਾਰੇ ਅਜੇ ਭੰਬਲਭੂਸਾ ਕਾਇਮ ਹੈ।