ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 12 ਜੂਨ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਗਰਮੀ ਦੇ ਮੌਸਮ ਦੌਰਾਨ ਮੁਹਾਲੀ ਵਿੱਚ ਪਾਣੀ ਦੀ ਕਿੱਲਤ ਨਾਲ ਨਜਿੱਠਣ ਲਈ ਠੋਸ ਕਦਮ ਚੁੱਕੇ ਹਨ।
ਐਕਸੀਅਨ ਅਨਿਲ ਕੁਮਾਰ ਨੇ ਦੱਸਿਆ ਕਿ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਸ਼ਹਿਰੀ ਖੇਤਰ ਵਿੱਚ ਸਖ਼ਤੀ ਵਰਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਤੋਂ ਅਗਲੇ ਹੁਕਮਾਂ ਤੱਕ ਪਾਣੀ ਦੀ ਦੁਰਵਰਤੋਂ/ਬਰਬਾਦੀ ਨੂੰ ਰੋਕਣ ਲਈ ਘਰ ਵਿੱਚ ਬਗੀਚਿਆਂ/ਗਮਲਿਆਂ ਨੂੰ ਪਾਣੀ ਲਗਾਉਣ, ਸਕੂਟਰ/ਕਾਰਾਂ ਜਾਂ ਹੋਰ ਗੱਡੀਆਂ ਨੂੰ ਟੂਟੀ ਤੋਂ ਸਿੱਧਾ ਪਾਈਪ ਲਗਾ ਕੇ ਧੋਣਾ, ਵਿਹੜੇ/ਫਰਸ਼ ਜਾਂ ਸੜਕਾਂ ਧੋਣਾ, ਟੁੱਲੂ ਪੰਪ ਦੀ ਸਿੱਧੇ ਪਾਈਪਲਾਈਨ ’ਤੇ ਲਗਾ ਕੇ ਵਰਤੋਂ ਕਰਨ, ਫਰੂਲ ਤੋਂ ਮੀਟਰ ਤੱਕ ਪਾਈਪ ਵਿੱਚ ਕੋਈ ਵੀ ਲੀਕੇਜ ਅਤੇ ਘਰ ਦੇ ਛੱਤ ਉੱਤੇ ਰੱਖੇ ਟੈਂਕ/ਡੈਜ਼ਰਟ ਕੂਲਰਾਂ ਨੂੰ ਓਵਰਫਲੋਅ ਕਰਨ ਤੋਂ ਪੂਰੀ ਤਰ੍ਹਾਂ ਮਨਾਹੀ ਕੀਤੀ ਗਈ ਹੈ। ਊਨ੍ਹਾਂ ਕਿਹਾ ਕਿ ਪਾਣੀ ਨੂੰ ਆਊਣ ਵਾਲੀਆਂ ਪੀੜ੍ਹੀਆਂ ਵਾਸਤੇ ਬਚਾਊਣਾ ਬਹੁਤ ਜ਼ਰੂਰੀ ਹੈ ਜਿਸ ਕਾਰਨ ਵਿਭਾਗ ਵੱਲੋਂ ਊਪਰੋਕਤ ਕਦਮ ਚੁੱਕੇ ਗਏ ਹਨ।
ਕੁਨੈਕਸ਼ਨ ਕੱਟਣ ਦੀ ਚਿਤਾਵਨੀ
ਐਕਸੀਅਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਮਕਾਨ ਜਾਂ ਕੋਠੀ ਵਿੱਚ ਭਾਵੇਂ ਕੋਈ ਕਿਰਾਏਦਾਰ ਜਾਂ ਘਰੇਲੂ ਨੌਕਰ ਕਾਰਾਂ ਧੋਂਦੇ ਫੜੇ ਜਾਣ ਪਰ ਉਲੰਘਣਾ ਲਈ ਜ਼ਿੰਮੇਵਾਰ ਮਕਾਨ ਮਾਲਕ ਨੂੰ ਠਹਿਰਾ ਕੇ ਉਸ ਤੋਂ ਜੁਰਮਾਨਾ ਵਸੂਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਣੀ ਦੀ ਬਰਬਾਦੀ ਕਰਨ ਵਾਲੇ ਨੂੰ ਪਹਿਲੀ ਗਲਤੀ ’ਤੇ 1 ਹਜ਼ਾਰ ਰੁਪਏ, ਦੂਜੀ ਉਲੰਘਣਾ ਕਰਨ ’ਤੇ ਦੋ ਹਜ਼ਾਰ ਰੁਪਏ ਜੁਰਮਾਨਾ ਅਤੇ ਤੀਜੀ ਗਲਤੀ ’ਤੇ 5 ਹਜ਼ਾਰ ਜੁਰਮਾਨਾ ਅਤੇ ਅਗਲੀ ਵਾਰ ਗਲਤੀ ਕਰਨ ’ਤੇ ਪਾਣੀ ਦਾ ਕੁਨੈਕਸ਼ਨ ਕੱਟਿਆ ਜਾਵੇਗਾ। ਦੁਬਾਰਾ ਕੁਨੈਕਸ਼ਨ ਜੋੜਨ ਲਈ ਖਪਤਕਾਰ ਤੋਂ ਜੁਰਮਾਨਾ ਵਸੂਲਣ ਦੇ ਨਾਲ-ਨਾਲ ਭਵਿੱਖ ਵਿੱਚ ਦੁਬਾਰਾ ਗਲਤੀ ਨਾ ਕਰਨ ਸਬੰਧੀ ਤਸਦੀਕਸ਼ੁਦਾ ਹਲਫ਼ਨਾਮਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਇਹ ਕਦਮ ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਪਾਣੀ ਸੁਚਾਰੂ ਢੰਗ ਨਾਲ ਸਪਲਾਈ ਕਰਨ ਲਈ ਚੁੱਕਿਆ ਗਿਆ ਹੈ ਕਿਉਂਕਿ ਗਰਮੀ ਦੇ ਦਿਨਾਂ ਵਿੱਚ ਪਾਣੀ ਦੀ ਦੁਰਵਰਤੋਂ ਅਤੇ ਪਾਈਪਲਾਈਨ ਤੋਂ ਸਿੱਧੇ ਟੁੱਲੂ ਪੰਪ ਨਾਲ ਪਾਣੀ ਖਿੱਚਣ ਨਾਲ ਉੱਪਰਲੀ ਮੰਜ਼ਿਲਾਂ ’ਤੇ ਰਹਿੰਦੇ ਲੋਕਾਂ ਨੂੰ ਪਾਣੀ ਨਹੀਂ ਮਿਲਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਪਾਣੀ ਦੀ ਬਰਬਾਦੀ ਨਾ ਕਰਨ ਦੀ ਅਪੀਲ ਕੀਤੀ ਹੈ।