ਕਰਮਜੀਤ ਸਿੰਘ ਚਿੱਲਾ
ਬਨੂੜ, 12 ਜੂਨ
ਖੇਤ ਮਜ਼ਦੂਰ ਯੂਨੀਅਨ ਦਾ ਤਹਿਸੀਲ ਰਾਜਪੁਰਾ ਦਾ ਇਜਲਾਸ ਪਿੰਡ ਖਾਨਪੁਰ ਖੱਦਰ ਵਿੱਚ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਖੇਤ ਮਜ਼ਦੂਰਾਂ ਨੇ ਹਿੱਸਾ ਲਿਆ। ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਖੇਤ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਇੱਕ ਝੰਡੇ ਹੇਠ ਇਕੱਤਰ ਹੋਣ ਦਾ ਹੋਕਾ ਦਿੱਤਾ ਗਿਆ। ਇਜਲਾਸ ਦੌਰਾਨ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਬਲਕਾਰ ਸਿੰਘ ਨੂੰ ਪ੍ਰਧਾਨ ਅਤੇ ਦੀਦਾਰ ਸਿੰਘ ਨੂੰ ਸਕੱਤਰ ਚੁਣਿਆ ਗਿਆ।
ਗੁਰਦੀਪ ਸਿੰਘ ਕਰਾਲੀ, ਦੀਦਾਰ ਸਿੰਘ ਅਤੇ ਨਰੇਸ਼ ਕੁਮਾਰ ਦੀ ਪ੍ਰਧਾਨਗੀ ਮੰਡਲ ਹੇਠ ਹੋਏ ਇਜਲਾਸ ਵਿੱਚ ਝੰਡਾ ਚੜਾਉਣ ਦੀ ਰਸਮ ਜ਼ਿਲ੍ਹਾ ਪ੍ਰਧਾਨ ਸਤਪਾਲ ਸਿੰਘ ਰਾਜੋਮਾਜਰਾ ਨੇ ਨਿਭਾਈ ਤੇ ਵਿਛੜੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪੰਜਾਬੀ ਯੂਨੀਵਰਸਿਟੀ ਤੋਂ ਪਹੁੰਚੇ ਉੱਘੇ ਅਰਥ ਸਾਸ਼ਤਰ ਡਾ ਬਲਵਿੰਦਰ ਸਿੰਘ ਟਿਵਾਣਾ ਨੇ ਉਦਘਾਟਨ ਕੀਤਾ।
ਉਨ੍ਹਾਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਖੇਤ ਮਜ਼ਦੂਰਾਂ ਦੀ ਹਾਲਤ ਬਾਰੇ ਚਰਚਾ ਕੀਤੀ। ਉਨ੍ਹਾਂ ਮੋਦੀ ਸਰਕਾਰ ਦੇ ਅੱਠ ਸਾਲਾਂ ਦੀ ਕਾਰਗੁਜ਼ਾਰੀ ਨੂੰ ਸਮੁੱਚੇ ਵਰਗਾਂ ਲਈ ਨਿਰਾਸ਼ਾਜਨਕ ਦੱਸਿਆ। ਸੀਪੀਐੱਮ ਦੇ ਜ਼ਿਲ੍ਹਾ ਸਕੱਤਰ ਧਰਮਪਾਲ ਸਿੰਘ ਸੀਲ ਤੇ ਕਿਸਾਨ ਸਭਾ ਦੇ ਸੂਬਾ ਸਕੱਤਰ ਗੁਰਦਰਸਨ ਸਿੰਘ ਖਾਸਪੁਰ ਨੇ ਕਿਹਾ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਾਂਝੇ ਮਸਲੇ ਹਨ ਤੇ ਇਨ੍ਹਾਂ ਦੇ ਹੱਲ ਲਈ ਕਿਸਾਨ ਸਭਾ ਅਤੇ ਖੇਤ ਮਜ਼ਦੂਰ ਰਲ ਕੇ ਸੰਘਰਸ਼ ਕਰਨਗੇ।
ਕਿਸਾਨ ਆਗੂ ਮੋਹਨ ਸਿੰਘ ਸੋਢੀ, ਜਗੀਰ ਸਿੰਘ ਹੰਸਾਲਾ ਅਤੇ ਯੂਨੀਅਨ ਆਗੂ ਡਾ ਵਿਜੈਪਾਲ ਘਨੌਰ ਤੇ ਜੈ ਰਾਮ ਭਾਨਰਾ ਨੇ ਵੀ ਸੰਬੋਧਨ ਕੀਤਾ। ਯੂਨੀਅਨ ਦੇ ਸਕੱਤਰ ਦੀਦਾਰ ਸਿੰਘ ਨੇ ਤਿੰਨ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਤੇ ਭਰਵੀਂ ਬਹਿਸ ਤੇ ਉਸਾਰੂ ਸੁਝਾਵਾਂ ਉਪਰੰਤ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਪਾਸ ਮਤਿਆਂ ਰਾਹੀਂ ਬੇ-ਘਰ੍ਹਿਆਂ ਲਈ ਪਲਾਟ, ਮਗਨਰੇਗਾ ਤਹਿਤ 200 ਦਿਨ ਕੰਮ, ਮਹਿੰਗਾਈ, ਬੇਰੁਜ਼ਗਾਰੀ, ਸਿਹਤ ਸਹੂਲਤ, ਵਿੱਦਿਆ ਮੁਫ਼ਤ, ਬੁਢਾਪਾ ਪੈਨਸ਼ਨ, ਮਜ਼ਦੂਰਾਂ ਦੇ ਕਰਜ਼ੇ ਮੁਆਫ਼ੀ ਸਬੰਧੀ ਮਤੇ ਪਾਏ ਗਏ।