ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 22 ਅਕਤੂਬਰ
ਪ੍ਰਸ਼ਾਸਨ ਵੱਲੋਂ ਸਮਾਜਿਕ ਸੰਸਥਾਵਾਂ ਨਾਲ ਰਲ ਕੇ ਅੱਜ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਐੱਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸਕੂਲੀ ਬੱਚਿਆਂ ਨੂੰ ਕਾਪੀਆਂ-ਕਿਤਾਬਾਂ, ਦੀਵੇ ਤੇ ਬੂਟੇ ਵੰਡਦਿਆਂ ਪ੍ਰਦੂਸ਼ਣ ਮੁਕਤ ਹਰੀ ਦੀਵਾਲੀ ਮਨਾਉਣ ਲਈ ਜਾਗਰੂਕ ਕੀਤਾ। ਸਮਾਗਮ ਵਿੱਚ ਸਮਾਜ ਸੇਵੀ ਅਨਮੋਲ ਕਵਾਤਰਾ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।
ਐੱਸਪੀ ਨਵਰੀਤ ਸਿੰਘ ਵਿਰਕ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਤਿਉਹਾਰ ਖੁਸ਼ੀਆ ਖੇੜਿਆਂ ਦਾ ਸਰੋਤ ਹੋਇਆ ਕਰਦੇ ਸਨ ਪਰ ਵਕਤ ਦੇ ਨਾਲ-ਨਾਲ ਮਨੁੱਖ ਨੇ ਇਨ੍ਹਾਂ ਨੂੰ ਪ੍ਰਦੂਸ਼ਣ ਦੇ ਕਾਰਨ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਮਨੁੱਖ ਕੁਦਰਤ ਨਾਲ ਆਪਣੀ ਟੁੱਟੀ ਸਾਂਝ ਨੂੰ ਮੁੜ ਜੋੜੇ ਅਤੇ ਤਿਉਹਾਰਾਂ ਨੂੰ ਵਿਰਾਸਤੀ ਤਰੀਕੇ ਨਾਲ ਮਨਾਇਆ ਜਾਵੇ। ਇਸ ਮੌਕੇ ਮੌਜੂਦ ਡੀਐੱਸਪੀ ਡੇਰਾਬੱਸੀ ਹਰਵਿੰਦਰ ਸਿੰਘ ਖਹਿਰਾ ਨੇ ਸਕੂਲੀ ਬੱਚਿਆਂ ਸਮੇਤ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ।
ਰੂਪਨਗਰ (ਪੱਤਰ ਪ੍ਰੇਰਕ): ਇੱਥੇ ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਵਿੱਚ ਦੀਵਾਲੀ ਮਨਾਈ ਗਈ। ਇਸ ਮੌਕੇ ਯੂਨੀਵਰਸਿਟੀ ਸਕੂਲ ਆਫ ਇੰਜਨੀਅਰਿੰਗ ਦੇ ਡੀਨ ਇੰਜ. ਅਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਆਰਈਆਰਟੀ ਪ੍ਰੈਜੀਡੈਂਟ ਐਨ.ਐਸ. ਰਿਆਤ ਅਤੇ ਯੂਨੀਵਰਸਿਟੀ ਦੇ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੇ ਸ਼ਿਕਰਤ ਕੀਤੀ। ਇਸ ਮੌਕੇ ਰਜਿਸਟਰਾਰ ਬੀ.ਐਸ.ਸਤਿਆਲ, ਡਾਇਰੈਕਟਰ ਪ੍ਰਬੰਧਕੀ ਸਤਬੀਰ ਸਿੰਘ ਬਾਜਵਾ, ਡਾ. ਆਸ਼ੂਤੋਸ਼ ਸ਼ਰਮਾ, ਸੱਭਿਆਚਾਰਕ ਮਾਮਲਿਆਂ ਦੀ ਕੋਆਰਡੀਨੇਟਰ ਸੁਖਵਿੰਦਰ ਕੌਰ ਤੇ ਮੀਨਕਾਸ਼ੀ ਸਰਮਾ, ਪੂਨਮ ਭਾਟੀਆ, ਕੁਲਵਿੰਦਰ ਕੁਮਾਰ, ਸੋਮ ਕੁਮਾਰ ਨੇ ਸੰਬੋਧਨ ਕੀਤਾ।
ਕਾਲੀ ਦੀਵਾਲੀ ਮਨਾਉਣਗੇ ਸਫ਼ਾਈ ਕਰਮਚਾਰੀ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਨਗਰ ਪਾਲਿਕਾ ਕਰਮਚਾਰੀ ਸੰਘ ਦੇ ਸੱਦੇ ’ਤੇ ਅੰਬਾਲਾ ਛਾਉਣੀ ਅਤੇ ਸ਼ਹਿਰ ਵਿੱਚ ਸਫ਼ਾਈ ਕਰਮਚਾਰੀਆਂ ਨੇ ਪੱਕੇ ਹੋਣ ਦੀ ਮੰਗ ਲਈ ਸ਼ੁਰੂ ਕੀਤੀ ਹੜਤਾਲ ਦੌਰਾਨ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਰਮਚਾਰੀਆਂ ਨੇ ਮੰਗਾਂ ਨਾ ਮੰਨੇ ਜਾਣ ’ਤੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ। ਪਿਛਲੇ ਚਾਰ ਦਿਨਾਂ ਤੋਂ ਜਾਰੀ ਇਸ ਹੜਤਾਲ ਵਿਚ ਅੱਜ ਸਫ਼ਾਈ ਕਰਮਚਾਰੀਆਂ ਦੇ ਨਾਲ ਫਾਇਰ ਬ੍ਰਿਗੇਡ ਕਰਮਚਾਰੀ ਵੀ ਸ਼ਾਮਲ ਹੋਏ। ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿਚ ਸਫ਼ਾਈ ਕਰਮਚਾਰੀਆਂ ਨੇ 23 ਅਕਤੂਬਰ ਤੋਂ ਬਾਅਦ ਅਣਮਿਥੇ ਸਮੇਂ ਲਈ ਹੜਤਾਲ ’ਤੇ ਜਾਣ ਦੀ ਚਿਤਾਵਨੀ ਦਿੱਤੀ ਹੈ, ਜਿਸ ਬਾਰੇ ਭਲਕੇ ਫ਼ੈਸਲਾ ਲਿਆ ਜਾਵੇਗਾ।
ਬੱਚਿਆਂ ਦੇ ਦੀਵੇ ਤੇ ਮੋਮਬੱਤੀ ਬਣਾਉਣ ਦੇ ਮੁਕਾਬਲੇ
ਲਾਲੜੂ (ਪੱਤਰ ਪ੍ਰੇਰਕ): ਇਲਾਕੇ ਦੇ ਵੱਖ-ਵੱਖ ਸਕੂਲਾਂ ਵਿੱਚ ਬੱਚਿਆਂ ਦੇ ਦੀਵੇ ਅਤੇ ਮੋਮਬੱਤੀ ਸਜਾਉਣ ਅਤੇ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਮਤਾ ਪਬਲਿਕ ਸਕੂਲ ਲਾਲੜੂ ਮੰਡੀ, ਸੈਂਟ ਅੱਤਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਮੰਡੀ ਸਮੇਤ ਸਰਕਾਰੀ ਸਕੂਲਾਂ ਵਿੱਚ ਦੀਵੇ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਇਨਾਮ ਵੀ ਵੰਡੇ। ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ।